ਵਾਸ਼ਿੰਗਟਨ, 13 ਅਪਰੈਲ
ਵਿਗਿਆਨ ਤੇ ਤਕਨੀਕੀ ਨੀਤੀ ਸਬੰਧੀ ਅਮਰੀਕਾ ਦੇ ਇਕ ਪ੍ਰਮੁੱਖ ਥਿੰਕ ਟੈਂਕ ਦਾ ਕਹਿਣਾ ਹੈ ਕਿ ਉੱਭਰਦੇ ਚੀਨ ਨੂੰ ਰੋਕਣ ਦੇ ਇੱਛੁਕ ਅਮਰੀਕਾ ਲਈ ਭਾਰਤ ਤੋਂ ਮਹੱਤਵਪੂਰਨ ਕੋਈ ਹੋਰ ਮੁਲਕ ਨਹੀਂ ਹੋ ਸਕਦਾ। ਵਾਸ਼ਿੰਗਟਨ ਅਧਾਰਿਤ ‘ਆਈਟੀਆਈਐਫ’ ਨੇ ਕਿਹਾ ਕਿ ਭਾਰਤ ਕੋਲ ਉੱਚੀ ਮੁਹਾਰਤ ਵਾਲੇ ਤਕਨੀਕੀ ਪੇਸ਼ੇਵਰ ਹਨ ਤੇ ਇਸ ਦੇ ਅਮਰੀਕਾ ਨਾਲ ਮਜ਼ਬੂਤ ਸਿਆਸੀ ਤੇ ਸਭਿਆਚਾਰਕ ਸਬੰਧ ਹਨ। ਥਿੰਕ ਟੈਂਕ ਨੇ ਇਕ ਰਿਪੋਰਟ ਵਿਚ ਅਮਰੀਕਾ ਨੂੰ ਭਾਰਤ ਉਤੇ ‘ਜ਼ਿਆਦਾ ਨਿਰਭਰ’ ਹੋਣ ਬਾਰੇ ਸੁਚੇਤ ਕਰਦਿਆਂ ਇਹ ਵੀ ਕਿਹਾ ਕਿ ਜੇ ਦੋਵਾਂ ਦੇਸ਼ਾਂ ਵਿਚਾਲੇ ਬੌਧਿਕ ਸੰਪਤੀ, ਡੇਟਾ ਸੰਚਾਲਨ, ਟੈਕਸਾਂ ਤੇ ਹੋਰ ਵਿਅਕਤੀਗਤ ਨਿੱਜਤਾ ਜਿਹੇ ਮਾਮਲਿਆਂ ’ਤੇ ਵੱਡੇ ਮਤਭੇਦ ਪੈਦਾ ਹੁੰਦੇ ਹਨ ਤਾਂ ਆਈਟੀ ਸੇਵਾਵਾਂ ਪ੍ਰਦਾਨ ਕਰਨ ਵਾਲਾ ਭਾਰਤ ਰਣਨੀਤਕ ਸਮੱਸਿਆ ਬਣ ਸਕਦਾ ਹੈ। ਰਿਪੋਰਟ ’ਚ ਸਭ ਤੋਂ ਖਰਾਬ ਤੇ ਸਭ ਤੋਂ ਵਧੀਆ ਨੁਕਤਿਆਂ ’ਤੇ ਗੌਰ ਕੀਤਾ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਕ ਨੁਕਤਾ ਇਹ ਹੈ ਕਿ ਭਾਰਤ ਤੇ ਚੀਨ ਵਿਚਾਲੇ ਤਣਾਅ ਘਟੇ ਤੇ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਕਾਰੋਬਾਰੀ ਰਿਸ਼ਤੇ ਮਜ਼ਬੂਤ ਹੋਣ। ਅਜਿਹੀ ਸਥਿਤੀ ਵਿਚ ਸੰਸਾਰ ਦੀ ਅਰਥਵਿਵਸਥਾ ਪੂਰਬ ਦਿਸ਼ਾ ਵੱਲ ਤਬਦੀਲ ਹੋ ਜਾਵੇਗੀ। ਅਮਰੀਕਾ ਇਸ ਬਾਰੇ ਕੁਝ ਖਾਸ ਕਰ ਨਹੀਂ ਸਕੇਗਾ। ਰਿਪੋਰਟ ਮੁਤਾਬਕ ਦੂਸਰਾ ਨੁਕਤਾ ਇਹ ਹੈ ਕਿ ਚੀਨ ਦੇ ਕਾਰਨ ਆਰਥਿਕ, ਫ਼ੌਜੀ ਤੇ ਕੌਮਾਂਤਰੀ ਸਬੰਧਾਂ ਨਾਲ ਜੁੜੀਆਂ ਚੁਣੌਤੀਆਂ ਵਧਣ ਦੇ ਨਾਲ ਭਾਰਤ ਤੇ ਅਮਰੀਕਾ ਦੇ ਹਿੱਤ ਇਕੋ ਜਿਹੇ ਹੋ ਜਾਣ। ਅਜਿਹੀ ਸਥਿਤੀ ਵਿਚ ਜ਼ਿਆਦਾਤਰ ਵਿਕਸਤ ਦੇਸ਼ਾਂ ਵਿਚ ਲੋਕਤੰਤਰਿਕ ਨਿਯਮ ਕਾਇਮ ਰਹਿਣਗੇ। -ਪੀਟੀਆਈ