ਨਵੀਂ ਦਿੱਲੀ, 14 ਅਪਰੈਲ
ਭਾਰਤ ਵਿਚ ਰੂਸੀ ਦੂਤਾਵਾਸ ਦੇ ਡਿਪਟੀ ਉਪ ਮੁਖੀ ਰੋਮਨ ਬਾਬੂਸ਼ਕਿਨ ਨੇ ਕਿਹਾ ਹੈ ਕਿ ਭਾਰਤ ਰੂਸ ਦਾ ‘ਭਰੋਸੇਮੰਦ ਭਾਈਵਾਲ’ ਹੈ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਕੋਈ ਵੀ ਵਖ਼ਰੇਵਾਂ ਜਾਂ ਗਲਤਫ਼ਹਿਮੀ ਨਹੀਂ ਹੈ ਤੇ ਰੂਸ ਦਾ ਪਾਕਿਸਤਾਨ ਨਾਲ ‘ਸੀਮਤ ਤਾਲਮੇਲ’ ਹੈ ਜੋ ਕਿ ‘ਆਜ਼ਾਦ’ ਰਿਸ਼ਤਿਆਂ ’ਤੇ ਅਧਾਰਿਤ ਹੈ। ਬਾਬੂਸ਼ਕਿਨ ਨਾਲ ਇਕ ਸਾਂਝੀ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰੂਸ ਦੇ ਰਾਜਦੂਤ ਨਿਕੋਲ ਕੁਦਾਸ਼ੇਵ ਨੇ ਪੱਛਮੀ ਮੁਲਕਾਂ ਵੱਲੋਂ ਭਾਰਤੀ-ਪ੍ਰਸ਼ਾਂਤ ਖਿੱਤੇ ਵਿਚ ਅਪਣਾਈ ਰਣਨੀਤੀ ਦੀ ਨਿਖੇਧੀ ਕਰਦਿਆਂ ਇਸ ਨੂੰ ‘ਖ਼ਤਰਨਾਕ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਠੰਢੀ ਜੰਗ ਨੂੰ ਮੁੜ ਪੈਦਾ ਕਰਨ ਵਾਲੀ ਮਾਨਸਿਕਤਾ ਹੈ। ਬਾਬੂਸ਼ਕਿਨ ਨੇ ਕਿਹਾ ਕਿ ਅਫ਼ਗਾਨਿਸਤਾਨ ’ਤੇ ਬਣਨ ਵਾਲੀ ਖੇਤਰੀ ਸਹਿਮਤੀ ਦੀ ਪ੍ਰਕਿਰਿਆ ਦਾ ਭਾਰਤ ਨੂੰ ਹਿੱਸਾ ਜ਼ਰੂਰ ਹੋਣਾ ਚਾਹੀਦਾ ਹੈ ਤੇ ਨਵੀਂ ਦਿੱਲੀ ਅਤੇ ਮਾਸਕੋ ਦੀ ਅਫ਼ਗਾਨ ਸ਼ਾਂਤੀ ਪ੍ਰਕਿਰਿਆ ਬਾਰੇ ਪਹੁੰਚ ਇਕੋ ਜਿਹੀ ਹੀ ਹੈ। ਜ਼ਿਕਰਯੋਗ ਹੈ ਕਿ ਰੂਸ ਦੇ ਵਿਦੇਸ਼ ਮੰਤਰੀ ਹਾਲ ਹੀ ਵਿਚ ਭਾਰਤ ਦੌਰੇ ਉਤੇ ਆਏ ਸਨ ਤੇ ਦਿੱਲੀ ਤੋਂ ਇਸਲਾਮਾਬਾਦ ਚਲੇ ਗਏ ਸਨ। ਰੂਸੀ ਰਾਜਦੂਤ ਨੇ ਕਿਹਾ ਕਿ ਪਾਕਿਸਤਾਨ ਨਾਲ ਰੂਸ ਦੇ ਸਬੰਧ ਸੀਮਤ ਹਨ ਤੇ ਇਹ ‘ਕਦੇ ਵੀ ਕਿਸੇ ਨਾਲ ਬਣੇ ਰਿਸ਼ਤਿਆਂ ਨੂੰ ਕਿਸੇ ਹੋਰ ਵਿਰੁੱਧ ਨਹੀਂ ਵਰਤਦਾ।’ ਇਸ ਲਈ ਰੂਸ-ਭਾਰਤ ਦੇ ਰਿਸ਼ਤਿਆਂ ਬਾਰੇ ਕਿਸੇ ਵੀ ਕਿਸਮ ਦੀ ਗਲਤਫ਼ਹਿਮੀ ਰੱਖਣ ਦੀ ਲੋੜ ਨਹੀਂ ਹੈ। ਕੁਦਾਸ਼ੇਵ ਨੇ ਕਿਹਾ ਕਿ ਰੂਸ ਤੇ ਭਾਰਤ ਦੇ ਰਿਸ਼ਤੇ ‘ਬਰਾਬਰੀ ਵਾਲੇ, ਮਜ਼ਬੂਤ, ਵਿਆਪਕ ਹਨ ਤੇ ਅੱਗੇ ਵਧਣ ਦੀ ਸੋਚ ਦੀ ਤਰਜਮਾਨੀ ਕਰਦੇ ਹਨ।’ -ਪੀਟੀਆਈ
ਰੂਸ ਨੇ ਭਾਰਤ ਤੇ ਚੀਨ ਵੱਲੋਂ ਚੁੱਕੇ ਕਦਮਾਂ ’ਤੇ ਤਸੱਲੀ ਪ੍ਰਗਟਾਈ
ਰੂਸੀ ਅਧਿਕਾਰੀਆਂ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਦਾ ਮੁਲਕ ਪੂਰਬੀ ਲੱਦਾਖ ਵਿਚ ਐਲਏਸੀ ’ਤੇ ਹੋ ਰਹੀ ਗਤੀਵਿਧੀ ਉਤੇ ਪੂਰੀ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਕਿਹਾ ਕਿ ਰੂਸ ਨੂੰ ਇਸ ਗੱਲ ਤੋਂ ਤਸੱਲੀ ਹੈ ਕਿ ਭਾਰਤ ਤੇ ਚੀਨ ‘ਫੌਜਾਂ ਨੂੰ ਵਾਪਸ ਸੱਦਣ’ ਉਤੇ ਧਿਆਨ ਕੇਂਦਰਤ ਕਰ ਰਹੇ ਹਨ ਤੇ ਉਸਾਰੂ ਸੰਵਾਦ ਨੂੰ ਪਹਿਲ ਦੇ ਰਹੇ ਹਨ। ਰੂਸੀ ਕੂਟਨੀਤਕਾਂ ਨੇ ਕਿਹਾ ਕਿ ਰੂਸ, ਭਾਰਤ ਤੇ ਚੀਨ ਦੋਵਾਂ ਨੂੰ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ), ਰੂਸ-ਭਾਰਤ-ਚੀਨ ਸਮੂਹ ਤੇ ‘ਬ੍ਰਿਕਸ’ ਵਿਚ ਆਪਣੇ ਰਿਸ਼ਤਿਆਂ ਨੂੰ ਅੱਗੇ ਵਧਾਉਣ ਤੇ ਮੌਕਿਆਂ ਦਾ ਲਾਹਾ ਲੈਣ ਲਈ ਉਤਸ਼ਾਹਿਤ ਕਰ ਰਿਹਾ ਹੈ।
ਰੂਸ, ਭਾਰਤ ਐੱਸ-400 ਮਿਜ਼ਾਈਲ ਸੌਦੇ ਲਈ ਵਚਨਬੱਧ: ਰੂਸੀ ਰਾਜਦੂਤ
ਰੂਸ ਦੇ ਰਾਜਦੂਤ ਨਿਕੋਲ ਕੁਦਾਸ਼ੇਵ ਨੇ ਅੱਜ ਕਿਹਾ ਕਿ ਭਾਰਤ ਤੇ ਰੂਸ ਐੱਸ-400 ਮਿਜ਼ਾਈਲ ਸੌਦੇ ਨੂੰ ਤੈਅ ਸਮੇਂ ਵਿਚ ਸਿਰੇ ਚੜ੍ਹਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਦੱਸਣਯੋਗ ਹੈ ਕਿ ਇਸ ਸੌਦੇ ਦੇ ਮੱਦੇਨਜ਼ਰ ਅਮਰੀਕਾ ਵੱਲੋਂ ਨਵੀਂ ਦਿੱਲੀ ’ਤੇ ਪਾਬੰਦੀਆਂ ਲਾਉਣ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ। ਰਾਜਦੂਤ ਨੇ ਕਿਹਾ ਕਿ ਰੂਸ ਤੇ ਭਾਰਤ ਦੁਵੱਲੀਆਂ ਪਾਬੰਦੀਆਂ ਨੂੰ ਮਾਨਤਾ ਨਹੀਂ ਦਿੰਦੇ ਕਿਉਂਕਿ ਇਹ ‘ਗ਼ੈਰਕਾਨੂੰਨੀ ਤੇ ਪੱਖਪਾਤੀ ਹੈ।’ ਅਜਿਹੇ ਹੱਥਕੰਡੇ ਵਰਤ ਕੇ ਦਬਾਅ ਬਣਾ ਕੇ ਮੁਕਾਬਲਾ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਿਨ ਆਪਣੇ ਸਾਰੇ ਭਾਈਵਾਲ ਮੁਲਕਾਂ ਨੂੰ ਬੇਨਤੀ ਕਰ ਚੁੱਕੇ ਹਨ ਕਿ ਉਹ ਰੂਸੀ ਹਥਿਆਰ ਨਾ ਖ਼ਰੀਦਣ ਜੋ ਕਿ ਪਾਬੰਦੀਆਂ ਦਾ ਕਾਰਨ ਬਣ ਸਕਦੇ ਹਨ।