ਸੰਯੁਕਤ ਰਾਸ਼ਟਰ, 28 ਸਤੰਬਰ
ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਨੇ ਕਿਹਾ ਕਿ ਭਾਰਤ ਮਹੱਤਵਪੂਰਨ ਆਰਥਿਕ ਪ੍ਰਗਤੀ ਅਤੇ ‘ਗਲੋਬਲ ਸਾਊਥ’ ਵਿੱਚ ਆਪਣੀ ਅਗਵਾਈ ਕਰ ਕੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦਾ ਸਥਾਈ ਮੈਂਬਰ ਬਣਨ ਦਾ ਹੱਕਦਾਰ ਹੈ। ਤੋਬਗੇ ਨੇ ਭੂਟਾਨ ਦੇ ਸਭ ਤੋਂ ਘੱਟ ਵਿਕਸਤ ਦੇਸ਼ਾਂ (ਐੱਲਡੀਸੀ) ਦੀ ਸ਼੍ਰੇਣੀ ਤੋਂ ਬਾਹਰ ਨਿਕਲਣ ਲਈ ਭਾਰਤ ਵੱਲੋਂ ਮਿਲੇ ‘ਸਮਰਥਨ ਤੇ ਦੋਸਤੀ’ ਨੂੰ ਲੈ ਕੇ ਤਹਿ ਦਿਲੋਂ ਧੰਨਵਾਦ ਕੀਤਾ। ਤੋਬਗੇ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 79ਵੇਂ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘ਅਸੀਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿੱਚ ਭਾਰਤ ਨੂੰ ਸਥਾਈ ਮੈਂਬਰ ਬਣਾਉਣ ਦਾ ਸਮਰਥਨ ਕੀਤਾ ਹੈ। ਭਾਰਤ ਮਹੱਤਵਪੂਰਨ ਆਰਥਿਕ ਪ੍ਰਗਤੀ, ਆਬਾਦੀ ਤੇ ਗਲੋਬਲ ਸਾਊਥ ਵਿੱਚ ਅਗਵਾਈ ਕਰ ਕੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦਾ ਸਥਾਈ ਮੈਂਬਰ ਬਣਨ ਦਾ ਹੱਕਦਾਰ ਹੈ।’ -ਪੀਟੀਆਈ