ਵਾਸ਼ਿੰਗਟਨ, 23 ਅਪਰੈਲ
ਅਮਰੀਕਾ ਨੇ ਅੱਜ ਕਿਹਾ ਕਿ ਭਾਰਤ ਆਪਣੀਆਂ ਰੱਖਿਆ ਲੋੜਾਂ ਲਈ ਰੂਸ ’ਤੇ ਜ਼ਿਆਦਾ ਨਿਰਭਰ ਨਾ ਰਹੇ। ਪੈਂਟਾਗਨ ਨੇ ਬਿਆਨ ਜਾਰੀ ਕਰ ਕੇ ਅੱਜ ਕਿਹਾ, ‘ਅਸੀਂ ਭਾਰਤ ਤੇ ਹੋਰ ਦੇਸ਼ਾਂ ਨਾਲ ਇਸ ਮਾਮਲੇ ਉਤੇ ਬਹੁਤ ਸਪੱਸ਼ਟ ਹਾਂ ਕਿ ਅਸੀਂ ਉਨ੍ਹਾਂ ਨੂੰ ਰੱਖਿਆ ਸਾਜ਼ੋ-ਸਾਮਾਨ ਲਈ ਰੂਸ ਉਤੇ ਨਿਰਭਰ ਨਹੀਂ ਦੇਖਣਾ ਚਾਹੁੰਦੇ। ਅਸੀਂ ਇਸ ਮਾਮਲੇ ’ਚ ਪੂਰੀ ਇਮਾਨਦਾਰੀ ਨਾਲ ਗੱਲ ਕਰ ਰਹੇ ਹਾਂ ਤੇ ਅਜਿਹਾ ਨਹੀਂ ਚਾਹੁੰਦੇ।’ ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਹਨ ਕਿਰਬੀ ਨੇ ਕਿਹਾ ਕਿ ਇਸ ਦੇ ਨਾਲ ਹੀ ਅਮਰੀਕਾ ਭਾਰਤ ਨਾਲ ਆਪਣੀ ਰੱਖਿਆ ਭਾਈਵਾਲੀ ਦੀ ਕਦਰ ਕਰਦਾ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਭਾਰਤ ਤੇ ਅਮਰੀਕਾ ਨੇ ਇਸ ਰਾਹ ਉਤੇ ਅੱਗੇ ਵਧਣ ਲਈ ਰਾਤ ਤਲਾਸ਼ਣ ’ਤੇ ਸਹਿਮਤੀ ਜ਼ਾਹਿਰ ਕੀਤੀ ਹੈ। ਇਸ ਮੁੱਦੇ ਉਤੇ ਸੰਵਾਦ ਅੱਗੇ ਵੀ ਜਾਰੀ ਰਹੇਗਾ ਤੇ ਇਹ ਮਹੱਤਵਪੂਰਨ ਹੈ। ਕਿਰਬੀ ਨੇ ਕਿਹਾ, ‘ਭਾਰਤ ਖੇਤਰ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੈ ਤੇ ਅਸੀਂ ਇਸ ਦੀ ਕਦਰ ਕਰਦੇ ਹਾਂ।’ -ਪੀਟੀਆਈ