ਖੈਬਰ ਪਖਤੂਨਖਵਾ, 1 ਜਨਵਰੀ
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਕਾਰਕ ਜ਼ਿਲ੍ਹੇ ’ਚ ਹਿੰਦੂਆਂ ਦਾ ਮੰਦਰ ਢਾਹੇ ਜਾਣ ਖ਼ਿਲਾਫ਼ ਅੱਜ ਭਾਰਤ ਨੇ ਰੋਸ ਜ਼ਾਹਿਰ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਭਾਰਤ ਨੇ ਆਪਣੇ ਕੂਟਨੀਤਕ ਚੈਨਲਾਂ ਰਾਹੀਂ ਆਪਣਾ ਰੋਸ ਪਾਕਿਸਤਾਨ ਕੋਲ ਦਰਜ ਕਰਵਾਇਆ ਹੈ। ਜ਼ਿਕਰਯੋਗ ਹੈ ਕਿ ਲੰਘੇ ਬੁੱਧਵਾਰ ਨੂੰ ਭੀੜ ਨੇ ਇੱਥੇ ਇੱਕ ਮੰਦਿਰ ਢਾਹ ਦਿੱਤਾ ਸੀ। ਟੇਰੀ ਪਿੰਡ ’ਚ ਵਾਪਰੀ ਇਸ ਘਟਨਾ ਦੀ ਮਨੁੱਖੀ ਅਧਿਕਾਰ ਕਾਰਕੁਨਾਂ ਤੇ ਹਿੰਦੂ ਭਾਈਚਾਰੇ ਨਾਲ ਸਬੰਧਤ ਲੀਡਰਾਂ ਨੇ ਸਖ਼ਤ ਆਲੋਚਨਾ ਕੀਤੀ ਸੀ। ਪਾਕਿਸਤਾਨੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਦੇ ਸਬੰਧ ’ਚ 30 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ’ਚ ਜਮੀਅਤ-ਉਲੇਮਾ-ਏ-ਇਸਲਾਮ ਦਾ ਆਗੂ ਰਹਿਮਤ ਸਲਾਮ ਖੱਟਾਕ ਵੀ ਸ਼ਾਮਲ ਹੈ। ਇਸ ਸਬੰਧੀ 350 ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ