ਵਾਸ਼ਿੰਗਟਨ, 17 ਜੂਨ
ਬਾਇਡਨ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਭਾਰਤ ਨੂੰ ਜਦੋਂ ਵੀ ਲੋੜ ਪਈ ਹੈ, ਅਮਰੀਕਾ ਹਮੇਸ਼ਾ ਉਸ ਦੇ ਨਾਲ ਖੜ੍ਹਾ ਹੈ। ਅਮਰੀਕਾ ਨੇ ਕਿਹਾ ਕਿ ਦਿੱਲੀ ਦੀਆਂ ਮਾਸਕੋ ਨਾਲ ਨਜ਼ਦੀਕੀਆਂ ਕਈ ਦਹਾਕਿਆਂ ਦੌਰਾਨ ਵਧੀਆਂ ਜਦੋਂ ਵਾਸ਼ਿੰਗਟਨ ਇਸ ਲਈ ਤਿਆਰ ਨਹੀਂ ਸੀ। ਵਿਦੇਸ਼ ਵਿਭਾਗ ਦੇ ਤਰਜਮਾਨ ਨੈੱਡ ਪ੍ਰਾਈਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਅਸੀਂ ਆਪਣੇ ਭਾਰਤੀ ਭਾਈਵਾਲਾਂ ਨਾਲ ਕਈ ਵਾਰ ਚਰਚਾ ਕੀਤੀ ਹੈ, ਅਤੇ ਇਸ ਦੌਰਾਨ ਅਸੀਂ ਇਹੀ ਨੁਕਤਾ ਰੱਖਿਆ ਹੈ ਕਿ ਹਰੇਕ ਮੁਲਕ ਦੇ ਮਾਸਕੋ ਨਾਲ ਰਿਸ਼ਤੇ ਵੱਖੋ-ਵੱਖਰੇ ਹੋਣਗੇ।’’
ਪ੍ਰਾਈਸ ਨੇ ਕਿਹਾ, ‘‘ਭਾਰਤ-ਰੂਸ ਰਿਸ਼ਤੇ ਕਈ ਦਹਾਕਿਆਂ ਦੌਰਾਨ ਵਿਕਸਤ ਹੋਏ ਹਨ, ਜਦੋਂ ਅਮਰੀਕਾ ਇਸ ਲਈ ਤਿਆਰ ਨਹੀਂ ਸੀ ਜਾਂ ਭਾਰਤ ਸਰਕਾਰ ਲਈ ਪਸੰਦ ਦਾ ਭਾਈਵਾਲ ਨਹੀਂ ਬਣ ਸਕਿਆ ਸੀ।’’
ਉਨ੍ਹਾਂ ਕਿਹਾ, ‘‘ਪਰ ਹੁਣ ਹਾਲਾਤ ਬਦਲ ਚੁੱਕੇ ਹਨ। ਭਾਰਤ ਨਾਲ ਰਿਸ਼ਤੇ ਦੁਵੱਲੇ ਸਭਿਆਚਾਰ ਦੀ ਵਿਰਾਸਤ ਹੈ, ਜੋ ਹੁਣ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਚੱਲੀ ਆ ਰਹੀ ਹੈ। ਦੋਵਾਂ ਮੁਲਕਾਂ ਦਾ ਸਬੰਧ ਅਸਲ ਵਿੱਚ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਪ੍ਰਸ਼ਾਸਨ ਨਾਲ ਵਧਣਾ ਸ਼ੁਰੂ ਹੋਇਆ, ਯਕੀਨੀ ਤੌਰ ’ਤੇ ਸਾਬਕਾ ਅਮਰੀਕੀ ਸਦਰ ਜਾਰਜ ਡਬਲਿਊ ਬੁਸ਼ ਪ੍ਰਸ਼ਾਸਨ ਵਿੱਚ ਭਾਰਤ ਨਾਲ ਅਮਰੀਕੀ ਭਾਈਵਾਲੀ ਵਧੀ ਤੇ ਉਹ ਭਾਰਤ ਨਾਲ ਪਸੰਦੀਦਾ ਭਾਈਵਾਲ ਬਣਨ ਦਾ ਇੱਛੁਕ ਹੋਇਆ, ਜਿਸ ਵਿੱਚ ਸੁਰੱਖਿਆ ਖੇਤਰ ਦੀ ਗੱਲ ਵੀ ਸ਼ਾਮਲ ਹੈ।’’ -ਪੀਟੀਆਈ