ਅਹਿਮਦਾਬਾਦ, 20 ਅਗਸਤ
ਚੀਨੀ ਬੇੜੇ ‘ਯੂਆਨ ਵਾਂਗ 5’ ਵੱਲੋਂ ਸ੍ਰੀਲੰਕਾ ਦੇ ਤੱਟ ’ਤੇ ਪੁੱਜਣ ਦੌਰਾਨ ਪ੍ਰਗਟਾਏ ਜਾ ਰਹੇ ਤੌਖਲਿਆਂ ਦਰਮਿਆਨ ਸ੍ਰੀਲੰਕਾ ਦੇ ਸੈਰ ਸਪਾਟਾ ਮੰਤਰੀ ਹੈਰਿਨ ਫਰਨਾਡੋ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਨਾਲ ਕੋਈ ਵੱਡਾ ਕੂਟਨੀਤਕ ਵਿਵਾਦ ਪੈਦਾ ਨਹੀਂ ਹੋਵੇਗਾ, ਕਿਉਂਕਿ ਭਾਰਤ ਇਸਦੀ ਸਥਿਤੀ ਨੂੰ ਸਮਝਦਾ ਹੈ। ਸ੍ਰੀਲੰਕਾ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਅਹਿਮਦਾਬਾਦ ਪੁੱਜੇ ਸ੍ਰੀ ਫਰਨਾਡੋ ਨੇ ਕਿਹਾ ਕਿ ਚੀਨ ਨੇ ਸ੍ਰੀਲੰਕਾ ’ਚ ਕਾਫ਼ੀ ਨਿਵੇਸ਼ ਕੀਤਾ ਹੈ ਤੇ ਪਿਛਲੇ ਸਮੇਂ ਦੌਰਾਨ ਇਸਦੀਆਂ ਲੋੜਾਂ ਨੂੰ ਸਮਝਿਆ ਹੈ। ਜ਼ਿਕਰਯੋਗ ਹੈ ਕਿ ਭਾਰਤੀ ਅਧਿਕਾਰੀਆਂ ਨੇ ਇਸ ਬੇੜੇ ਦੀਆਂ ਜਾਸੂਸੀ ਸਮਰੱਥਾਵਾਂ ਤੇ ਇਸ ਦੀ ਯਾਤਰਾ ਦੇ ਉਦੇਸ਼ਾਂ ’ਤੇ ਚਿੰਤਾ ਪ੍ਰਗਟਾਈ ਹੈ। ਇੱਕ ਸੁਆਲ ਦੇ ਜੁਆਬ ’ਚ ਸ੍ਰੀ ਫਰਨਾਡੋ ਨੇ ਕਿਹਾ,‘ਸ੍ਰੀਲੰਕਾ ਇੱਕ ਛੋਟਾ ਜਿਹਾ ਮੁਲਕ ਹੈ ਤੇ ਇਸਦੇ ਹਰ ਮੁਲਕ ਨਾਲ ਚੰਗੇ ਸਬੰਧ ਹਨ। ਮੈਨੂੰ ਯਕੀਨ ਹੈ ਕਿ ਭਾਰਤ ਇਸਦੀ ਸਥਿਤੀ ਨੂੰ ਸਮਝਦਾ ਹੈ। ਸਾਡੇ ਭਾਰਤ ਨਾਲ ਕਾਫ਼ੀ ਚੰਗੇ ਕੂਟਨੀਤਕ ਸਬੰਧ ਹਨ।’ ਸ੍ਰੀ ਫਰਨਾਡੋ ਨੇ ਕਿਹਾ ਕਿ ਸ੍ਰੀਲੰਕਾ ਦੇ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਤੇ ਵਿਦੇਸ਼ ਮੰਤਰੀ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੰਪਰਕ ’ਚ ਹਨ। -ਪੀਟੀਆਈ