ਸੰਯੁਕਤ ਰਾਸ਼ਟਰ, 30 ਮਾਰਚ
ਭਾਰਤ ਨੇ ਰੂਸ ਤੇ ਯੂਕਰੇਨ ਵਿਚਾਲੇ ਜਾਰੀ ਸਾਰਥਕ ਗੱਲਬਾਤ ਰਾਹੀਂ ‘ਉਦੇਸ਼ਪੂਰਨ ਸਹਿਮਤੀ’ ਕਾਇਮ ਕਰਨ ਦੀ ਅਪੀਲ ਕੀਤੀ ਹੈ ਤੇ ਉਮੀਦ ਪ੍ਰਗਟਾਈ ਹੈ ਕਿ ਤਣਾਅ ਨੂੰ ਤੁਰੰਤ ਘੱਟ ਕਰਨ ਦੀ ਦਿਸ਼ਾ ਵਿੱਚ ਜਲਦੀ ਹੀ ਸਹਿਮਤੀ ਬਣ ਸਕਦੀ ਹੈ। ਰੂਸ ਤੇ ਯੂਕਰੇਨ ਨੇ ਮੰਗਲਵਾਰ ਨੂੰ ਇਸਤੰਬੁਲ ਵਿੱਚ ਗੱਲਬਾਤ ਕੀਤੀ ਸੀ। ਰੂਸ ਨੇ ਕਿਹਾ ਕਿ ਉਹ ਯੂਕਰੇਨ ਦੀ ਰਾਜਧਾਨੀ ਕੀਵ ਤੇ ਇੱਕ ਉੱਤਰੀ ਸ਼ਹਿਰ ਕੋਲ ਹਮਲੇ ਘੱਟ ਕਰੇਗਾ।
ਰੂਸ ਦੇ ਇਸ ਬਿਆਨ ਨਾਲ 24 ਫਰਵਰੀ ਤੋਂ ਸ਼ੁਰੂ ਹੋਈ ਜੰਗ ਨੂੰ ਖਤਮ ਕਰਨ ਲਈ ਇੱਕ ਸਮਝੌਤਾ ਹੋਣ ਦੀ ਉਮੀਦ ਜਾਗੀ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਟੀ ਐੱਸ ਤਿਰੂਮੂਰਤੀ ਨੇ ਕਿਹਾ,‘ਭਾਰਤ ਮੌਜੂਦਾ ਸਥਿਤੀ ਨੂੰ ਲੈ ਕੇ ਬਹੁਤ ਚਿੰਤਤ ਹੈ, ਜੋ ਸੰਘਰਸ਼ ਦੀ ਸ਼ੁਰੂਆਤ ਤੋਂ ਲਗਾਤਾਰ ਵਿਗੜਦੀ ਜਾ ਰਹੀ ਹੈ।’ ਉਨ੍ਹਾਂ ਯੂਕਰੇਨ ਵਿੱਚ ਮਨੁੱਖਤਾ ਦੀ ਤਰਸਯੋਗ ਹਾਲਤ ਬਾਰੇ ਸੰਯੁਕਤ ਰਾਸ਼ਟਰ ਦੀ ਗੱਲਬਾਤ ਦੌਰਾਨ ਯੂਕਰੇਨ ਵਿੱਚ ਹਥਿਆਰਬਲ ਸੰਘਰਸ਼ ਕਾਰਨ ਪ੍ਰਭਾਵਿਤ ਖੇਤਰਾਂ ਵਿੱਚ ਬਿਨਾਂ ਕਿਸੇ ਰੁਕਾਵਟ ਮਨੁੱਖੀ ਮਦਦ ਪਹੁੰਚਾਉਣ ਦੀ ਭਾਰਤ ਦੀ ਮੰਗ ਦਹੁਰਾਈ।
ਇਸ ਦੌਰਾਨ ਤੁਰਕੀ ਦਾ ਕਹਿਣਾ ਹੈ ਕਿ ਯੂਕਰੇਨ ਤੇ ਰੂਸ ਦੇ ਵਫ਼ਦਾਂ ਨੇ ਗੱਲਬਾਤ ’ਚ ਅੱਗੇ ਵਧਦਿਆਂ ਸਲਾਹ-ਮਸ਼ਵਰੇ ਲਈ ਮੁੜ ਆਪਣੇ ਵਤਨ ਪਰਤਣ ਦਾ ਫ਼ੈਸਲਾ ਕੀਤਾ ਹੈ। ਇਹ ਗੱਲਬਾਤ ਬੁੱਧਵਾਰ ਨੂੰ ਮੁੜ ਹੋਣ ਦੀ ਆਸ ਸੀ ਪਰ ਤੁਰਕੀ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਦੋਵਾਂ ਧਿਰਾਂ ਵੱਲੋਂ ਆਪਣੇ ਮੁਲਕਾਂ ’ਚ ਜਾ ਕੇ ਆਪਣੀਆਂ ਤਜਵੀਜ਼ਾਂ ਬਾਰੇ ਗੱਲਬਾਤ ਕੀਤੀ ਜਾਵੇਗੀ। ਇਸਤੰਬੁਲ ਵਿੱਚ ਕਾਨਫਰੰਸ ਦੌਰਾਨ ਯੂਕਰੇਨ ਦੇ ਵਫ਼ਦ ਨੇ ਇੱਕ ਢਾਂਚਾ ਤਿਆਰ ਕੀਤਾ ਹੈ ਜਿਸ ਤਹਿਤ ਇਹ ਮੁਲਕ ਖ਼ੁਦ ਨੂੰ ਨਿਰਪੱਖ ਐਲਾਨ ਸਕੇ ਤੇ ਇਸਦੀ ਸੁਰੱਖਿਆ ਦੀ ਗਾਰੰਟੀ ਹੋਰ ਮੁਲਕਾਂ ਦੇ ਸਮੂਹ ਵੱਲੋਂ ਦਿੱਤੀ ਜਾਵੇ। ਇਸ ਦੌਰਾਨ ਰੂਸੀ ਵਫ਼ਦ ਦੇ ਮੁਖੀ ਵਲਾਦੀਮੀਰ ਮੈਡਿਨਸਕੀ ਨੇ ਕਿਹਾ ਕਿ ਵਾਰਤਾਕਾਰ ਯੂਕਰੇਨ ਦੀਆਂ ਤਜਵੀਜਾਂ ਬਾਰੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਗੱਲਬਾਤ ਕਰਨਗੇ ਤੇ ਇਸ ਮਗਰੋਂ ਰੂਸ ਵੱਲੋਂ ਕੋਈ ਪ੍ਰਤੀਕਰਿਆ ਕੀਤੀ ਜਾਵੇਗੀ, ਪਰ ਉਨ੍ਹਾਂ ਇਸ ਸਬੰਧੀ ਸਮੇਂ ਬਾਰੇ ਨਹੀਂ ਦੱਸਿਆ। ਇਸ ਦੌਰਾਨ ਰੂਸ ਦੀ ਸਰਕਾਰੀ ਖਬਰ ਏਜੰਸੀ ਨੇ ਰੂਸ ਦੇ ਵਫ਼ਦ ਦੇ ਮੰਗਲਵਾਰ ਦੇਰ ਰਾਤ ਰੂਸ ਪੁੱਜਣ ਦੀ ਪੁਸ਼ਟੀ ਕੀਤੀ ਹੈ। -ਏਪੀ