ਸੰਯੁਕਤ ਰਾਸ਼ਟਰ, 14 ਸਤੰਬਰ
ਸੰਯੁਕਤ ਰਾਸ਼ਟਰ ’ਚ ਭਾਰਤ ਦੀ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਨੇ ਕਿਹਾ ਹੈ ਕਿ ਭਾਰਤ ਦੱਖਣ-ਦੱਖਣ ਸਹਿਯੋਗ ਨੂੰ ਪ੍ਰਫੁੱਲਤ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ ਜੋ ਅੱਜ ਦੇ ਸਮੇਂ ’ਚ ਹੋਰ ਵੀ ਅਹਿਮ ਹੋ ਗਿਆ ਹੈ ਕਿਉਂਕਿ ਕੋਵਿਡ-19 ਮਹਾਮਾਰੀ ਦੌਰਾਨ ਵਿਕਾਸਸ਼ੀਲ ਮੁਲਕਾਂ ਨੂੰ ਆਪਣੀ ਸੁਰੱਖਿਆ ਖੁਦ ਕਰਨ ਲਈ ਇਕੱਲਿਆਂ ਛੱਡ ਦਿੱਤਾ ਗਿਆ ਸੀ। ਦੱਖਣ-ਦੱਖਣ ਸਹਿਯੋਗ, ਦੁਨੀਆ ਦੇ ਦੱਖਣੀ ਹਿੱਸੇ ਦੇ ਮੁਲਕਾਂ ਵਿਚਕਾਰ ਸਿਆਸੀ, ਆਰਥਿਕ, ਸਮਾਜਿਕ, ਸੱਭਿਆਚਾਰਕ, ਵਾਤਾਵਰਨ ਅਤੇ ਤਕਨੀਕੀ ਖੇਤਰਾਂ ’ਚ ਸਹਿਯੋਗ ਦਾ ਇਕ ਵਿਆਪਕ ਖਾਕਾ ਹੈ। ਕੰਬੋਜ ਨੇ ਕਿਹਾ,‘‘ਭਾਰਤ ’ਚ ਸਾਡਾ ਮੰਨਣਾ ਹੈ ਕਿ ਦੱਖਣ-ਦੱਖਣ ਅਤੇ ਤਿਕੋਣਾ ਸਹਿਯੋਗ, ਬਹੁਧਿਰੀ ਤਰੀਕੇ ਨਾਲ ਕਰਨਾ ਸਹੀ ਹੈ। ਵਿਕਾਸ ਲਈ ਇਹ ਪ੍ਰਯੋਗ ਠੀਕ ਹੈ। ਭਾਰਤ ਬਹੁਧਿਰਵਾਦ ਲਈ ਵਚਨਬੱਧ ਹੈੈ।’’ -ਪੀਟੀਆਈ
ਸਾਂਝੀਆਂ ਚੁਣੌਤੀਆਂ ਨਾਲ ਇਕਜੁੱਟ ਹੋ ਕੇ ਨਜਿੱਠਣ ਦੀ ਲੋੜ: ਗੁਟੇਰੇਜ਼
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਮਹਾਸਭਾ ਦੇ 77ਵੇਂ ਸੈਸ਼ਨ ਵਿਚ ਅੱਜ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਸੱਦਾ ਦਿੱਤਾ ਕਿ ਮੈਂਬਰ ਮੁਲਕ ਸਾਂਝੀਆਂ ਚੁਣੌਤੀਆਂ ਨਾਲ ਇਕਜੁੱਟ ਹੋ ਕੇ ਨਜਿੱਠਣ। ਗੁਟੇਰੇਜ਼ ਨੇ ਕਿਹਾ ਕਿ ਪਿਛਲੇ ਸੈਸ਼ਨ ਵਿਚ ਜਿਨ੍ਹਾਂ ਚੁਣੌਤੀਆਂ ਉਤੇ ਚਰਚਾ ਹੋਈ ਸੀ, ਉਨ੍ਹਾਂ ਵਿਚੋਂ ਕਈ ਅਜੇ ਵੀ ਬਣੀਆਂ ਹੋਈਆਂ ਹਨ। ਉਨ੍ਹਾਂ ਕਿਹਾ, ‘ਅਸੀਂ ਅਜਿਹੇ ਸੰਸਾਰ ਵਿਚ ਰਹਿ ਰਹੇ ਹਾਂ ਜਿੱਥੇ ਸਾਡੇ ਕੰਮ ਤੋਂ ਲੈ ਕੇ ਸ਼ਾਂਤੀ ਲਈ ਖ਼ਤਰਾ ਬਣਿਆ ਹੋਇਆ ਹੈ, ਮਨੁੱਖੀ ਹੱਕ ਤੇ ਟਿਕਾਊ ਵਿਕਾਸ ਤੋਂ ਲੈ ਕੇ ਜਲਵਾਯੂ ਤਬਦੀਲੀ ਤੇ ਟੁੱਟ ਰਹੇ ਵਿੱਤੀ ਢਾਂਚਿਆਂ ਜਿਹੀਆਂ ਚੁਣੌਤੀਆਂ ਸਾਡੇ ਸਾਹਮਣੇ ਹਨ। ਇਨ੍ਹਾਂ ਨਾਲ ਵਿਕਾਸਸ਼ੀਲ ਦੇਸ਼ਾਂ ਵਿਚ ਗਰੀਬੀ, ਭੁੱਖ, ਵੰਡ, ਬੇਭਰੋਸਗੀ, ਨਾ-ਬਰਾਬਰੀ ਵਧਦੀ ਜਾ ਰਹੀ ਹੈ।’ -ਆਈਏਐੱਨਐੱਸ