ਸੰਯੁਕਤ ਰਾਸ਼ਟਰ, 10 ਜੂਨ
ਸੰਯੁਕਤ ਰਾਸ਼ਟਰ ਆਮ ਸਭਾ ਦੇ 76ਵੇਂ ਇਜਲਾਸ ਲਈ ਪ੍ਰਧਾਨ ਵਜੋਂ ਮਨੋਨੀਤ ਮਾਲਦੀਵਜ਼ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ ਯੂਐੱਨ ਵਿੱਚ ਭਾਰਤ ਦੇ ਰਾਜਦੂਤ ਦੇ ਉਪ ਸਥਾਈ ਨੁਮਾਇੰਦੇ ਕੇ.ਨਾਗਰਾਜ ਨਾਇਡੂ ਨੂੰ ਕੈਬਨਿਟ ਦੇ ਮੁਖੀ ਵਜੋਂ ਆਪਣੀ ਟੀਮ ਵਿੱਚ ਸ਼ਾਮਲ ਕਰ ਲਿਆ ਹੈ। ਸ਼ਾਹਿਦ ਨੂੰ ਸਤੰਬਰ ਵਿੱਚ ਹੋਣ ਵਾਲੇ ਸੰਯੁਕਤ ਰਾਸ਼ਟਰ ਆਮ ਸਭਾ ਦੇ ਅਗਲੇ ਇਜਲਾਸ ਲਈ 7 ਜੂਨ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। 193 ਮੈਂਬਰੀ ਆਮ ਸਭਾ ਵਿੱਚ ਸ਼ਾਹਿਦ ਨੂੰ 191 ਵੋਟਾਂ ’ਚੋਂ 143 ਵੋਟਾਂ ਮਿਲੀਆਂ ਜਦੋਂਕਿ ਇਸ ਅਹੁਦੇ ਲਈ ਉਨ੍ਹਾਂ ਦੇ ਵਿਰੋਧ ਵਿਚ ਖੜ੍ਹੇ ਅਫ਼ਗ਼ਾਨਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਡਾ.ਜ਼ਾਲਮਈ ਰਸੂਲ ਨੂੰ 48 ਵੋਟਾਂ ਪਈਆਂ। ਸ਼ਾਹਿਦ ਨੇ ਮਗਰੋਂ ਇਕ ਟਵੀਟ ’ਚ ਕਿਹਾ, ‘ਅੱਜ ਮੈਂ ਥਿਲਮੀਜ਼ਾ ਹੁਸੈਨ ਨੂੰ ਸਥਾਈ ਜਨਰਲ ਅਸੈਂਬਲੀ ਦਾ ਵਿਸ਼ੇਸ਼ ਏਲਚੀ ਜਦੋਂਕਿ ਭਾਰਤੀ ਸਫ਼ੀਰ ਨਾਗਰਾਜ ਨਾਇਡੂ ਕੁਮਾਰ ਨੂੰ ਕੈਬਨਿਟ ਦੇ ਮੁਖੀ ਵਜੋਂ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ।’’ ਹੁਸੈਨ ਸੰਯੁਕਤ ਰਾਸ਼ਟਰ ਵਿੱਚ ਮਾਲਦੀਵਜ਼ ਦਾ ਸਥਾਈ ਨੁਮਾਇੰਦਾ ਹੋਣ ਦੇ ਨਾਲ ਅਮਰੀਕਾ ਵਿੱਚ ਆਪਣੇ ਮੁਲਕ ਦਾ ਅੰਬੈਸਡਰ ਵੀ ਹੈ। -ਪੀਟੀਆਈ