ਲੰਡਨ, 5 ਮਾਰਚ
ਇਥੇ ਰਹਿੰਦੇ ਭਾਰਤੀ ਮੂਲ ਦੇ ਇਕ ਦੁਕਾਨਦਾਰ ਨੂੰ ਇੱਕ ਬਜ਼ੁਰਗ ਵਿਅਕਤੀ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ ਸਥਾਨਕ ਅਦਾਲਤ ਨੇ 28 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਨਰਿੰਦਰ ਗਿੱਲ ਉੱਤਰੀ ਇੰਗਲੈਂਡ ਦੇ ਸ਼ਹਿਰ ਲੀਡਜ਼ ਦੇ ਇਕ ਸ਼ਾਪਿੰਗ ਮਾਲ ਵਿੱਚ ਸਥਿਤ ਦੁਕਾਨ ’ਤੇ ਕੰਮ ਕਰਦੀ ਹੈ। ਫਰੈਂਕ ਗੋਲੈਂਡਜ਼(81)ਨਾਂ ਦਾ ਬਜ਼ੁਰਗ ਵਿਅਕਤੀ ਆਪਣੀ ਲੱਕੀ ਡਿੱਪ ਲਾਟਰੀ ਦੀ ਟਿਕਟ ਦਾ ਨਤੀਜਾ ਚੈੱਕ ਕਰਾਉਣ ਲਈ ਉਸ ਕੋਲ ਆਇਆ। ਉਸ ਟਿਕਟ ਦਾ 1,30,000 ਪੌਂਡ ਦਾ ਇਨਾਮ ਨਿਕਲਿਆ ਹੋਇਆ ਸੀ, ਪਰ ਗਿੱਲ ਨੇ ਉਸ ਨੂੰ ਝੂਠ ਬੋਲਿਆ ਕਿ ਉਸ ਦਾ ਕੋਈ ਇਨਾਮ ਨਹੀਂ ਨਿਕਲਿਆ ਅਤੇ ਟਿਕਟ ਆਪਣੇ ਕੋਲ ਰੱਖ ਲਈ। ਗਿੱਲ, ਜੋ ਦੋ ਬੱਚਿਆਂ ਦੀ ਮਾਂ ਹੈ, ਨੇ ਬਾਅਦ ਵਿੱਚ ਅਦਾਲਤ ਵਿੱਚ ਚੋਰੀ ਅਤੇ ਧੋਖਾਧੜੀ ਨੂੰ ਸਵੀਕਾਰ ਕਰ ਲਿਆ ਜਿਸ ਮਗਰੋਂ ਲੀਡਜ਼ ਕ੍ਰਾਊਨ ਕੋਰਟ ਨੇ ਉਸ ਨੂੰ 28 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ। -ਏਜੰਸੀ