ਲੰਡਨ, 14 ਸਤੰਬਰ
ਭਾਰਤੀ ਮੂਲ ਦੀ ਉੱਦਮੀ ਕਮ ਕਾਰਕੁਨ ਗੀਤਾ ਸਿੱਧੂ ਰੌਬ ਨੂੰ ਬੀਤੇ ਵਿੱਚ ਯਹੂਦੀਆਂ ਖਿਲਾਫ਼ ਕੀਤੀ ਟਿੱਪਣੀਆਂ ਲਈ ਲੰਡਨ ਵਿੱਚ ਮੇਅਰ ਦੇ ਅਹੁਦੇ ਲਈ ਸੰਭਾਵੀ ਉਮੀਦਵਾਰ ਵਜੋਂ ਆਪਣਾ ਨਾਮ ਵਾਪਸ ਲੈਣਾ ਪੈ ਗਿਆ ਹੈ। ਅਗਲੇ ਸਾਲ ਹੋਣ ਵਾਲੀ ਇਸ ਚੋਣ ਵਿੱਚ ਰੌਬ ਨੇ ਲੇਬਰ ਪਾਰਟੀ ਦੇ ਸਾਦਿਕ ਖ਼ਾਨ ਨੂੰ ਟੱਕਰ ਦੇਣੀ ਸੀ। ਆਰਗੈਨਿਕ ਫੂਡ ਤੇ ਜੂਸ ਉਤਪਾਦ ਬਣਾਉਣ ਵਾਲੀ ਫਰਮ ਨੋਸ਼ ਡੈਟੋਕਸ ਦੀ ਬਾਨੀ, ਗੀਤਾ ਸਿੱਧੂ ਨੂੰ ਲਬਿਰਲ ਡੈਮੋਕਰੈਟ ਉਮੀਦਵਾਰ ਵਜੋਂ ਸ਼ਾਰਟਲਿਸਟ ਕੀਤਾ ਗਿਆ ਸੀ, ਪਰ ਹੁਣ ਉਸ ਨੂੰ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਸਿੱਧੂ ਨੇ 1997 ’ਚ ਆਮ ਚੋਣਾਂ ਮੌਕੇ ਬਲੈਕਬਰਨ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਵਜੋਂ ਲੇਬਰ ਪਾਰਟੀ ਦੇ ਆਪਣੇ ਵਿਰੋਧੀ ਉਮੀਦਵਾਰ ਤੇ ਐੱਮਪੀ ਜੈਕ ਸਟਰਾਅ ਨੂੰ ਯਹੂਦੀ ਦੱਸ ਕੇ ਵੋਟ ਨਾ ਪਾਉਣ ਲਈ ਕਿਹਾ ਸੀ। ਸਿੱਧੂ ਨੇ ਇਨ੍ਹਾਂ ਟਿੱਪਣੀਆਂ ਲਈ ਮੁਆਫ਼ੀ ਮੰਗੀ ਹੈ।