ਨਿਊਯਾਰਕ, 21 ਜੁਲਾਈ
ਦਿ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਇੱਕ ਅਠਾਈ ਸਾਲਾ ਭਾਰਤੀ ਮਹਿਲਾ ਨੂੰ ਲਾਪਤਾ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਇਹ ਮਹਿਲਾ ਨਿਊਜਰਸੀ ਤੋਂ ਪਿਛਲੇ ਤਿੰਨ ਸਾਲਾਂ ਤੋਂ ਲਾਪਤਾ ਹੈ। ਐੱਫਬੀਆਈ ਨੇ ਲੋਕਾਂ ਤੋਂ ਇਸ ਸਬੰਧੀ ਜਾਣਕਾਰੀ ਮੰਗੀ ਹੈ। ਮਯੂਸ਼ੀ ਭਗਤ ਨਾਂ ਦੀ ਇਹ ਮਹਿਲਾ ਆਖ਼ਰੀ ਵਾਰ 29 ਅਪਰੈਲ, 2019 ਨੂੰ ਸ਼ਾਮ ਵੇਲੇ ਨਿਊਜਰਸੀ ਵਿੱਚ ਆਪਣੇ ਫਲੈਟ ਤੋਂ ਬਾਹਰ ਨਿਕਲਦੀ ਦੇਖੀ ਗਈ ਸੀ। ਉਸ ਵੇਲੇ ਉਸ ਨੇ ਰੰਗਦਾਰ ਪਜ਼ਾਮਾ ਪੈਂਟ ਅਤੇ ਇੱਕ ਕਾਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ। ਭਗਤ ਦੇ ਪਰਿਵਾਰ ਨੇ ਪਹਿਲੀ ਮਈ, 2019 ਨੂੰ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਸ ਦੇ ਹੁਲੀਏ ਬਾਰੇ ਦੱਸਿਆ ਗਿਆ ਸੀ ਕਿ ਉਹ ਪੰਜ ਫੁੱਟ ਦਸ ਇੰਚ ਲੰਬੀ ਹੈ ਅਤੇ ਉਸ ਦੇ ਕਾਲੇ ਵਾਲ ਤੇ ਭੂਰੀਆਂ ਅੱਖਾਂ ਹਨ। ਐੱਫਬੀਆਈ ਵੱਲੋਂ ਜਾਰੀ ਕੀਤੀ ਸੂਚਨਾ ਅਨੁਸਾਰ ਭਗਤ ਸਾਲ 2016 ਵਿੱਚ ਐੱਫ1 ਸਟੂਡੈਂਟ ਵੀਜ਼ੇ ’ਤੇ ਅਮਰੀਕਾ ਆਈ ਸੀ। ਉਸ ਨੇ ਨਿਊ ਹੈਂਪਸ਼ਾਇਰ ਦੀ ਯੂਨੀਵਰਸਿਟੀ ਵਿੱਚ ਦਾਖ਼ਲਾ ਲਿਆ ਸੀ ਅਤੇ ਇਸ ਮਗਰੋਂ ਨਿਊਯਾਰਕ ਇੰਸਟੀਚਿਊਟ ਆਫ ਟੈਕਨਾਲੋਜੀ (ਐੱਨਵਾਈਆਈਟੀ) ਚਲੀ ਗਈ ਸੀ। ਐੱਫਬੀਆਈ ਦੇ ਅਧਿਕਾਰੀ ਜੇਮਜ਼ ਡੈਨੀ ਨੇ ਦੱਸਿਆ ਕਿ ਐੱਫਬੀਆਈ ਦੇ ਨੇਵਾਰਕ ਡਿਵੀਜਨ ਨੇ ਬੁੱਧਵਾਰ ਨੂੰ ‘ਲਾਪਤਾ ਵਿਅਕਤੀਆਂ’ ਦੀ ਸੂਚੀ ਵਿੱਚ ਭਗਤ ਨੂੰ ਸ਼ਾਮਲ ਕੀਤਾ ਹੈ। -ਪੀਟੀਆਈ