ਮੁੱਖ ਅੰਸ਼
- ਪੋਲਤਾਵਾ ਸ਼ਹਿਰ ਤੋਂ ਵਿਸ਼ੇਸ਼ ਰੇਲ ਗੱਡੀ ਰਾਹੀਂ ਲਵੀਵ ਵੱਲ ਰਵਾਨਾ
- ਲਵੀਵ ਤੋਂ ਸਰਹੱਦ ਪਾਰ ਕਰ ਕੇ ਜਾਣਗੇ ਪੋਲੈਂਡ
ਨਵੀਂ ਦਿੱਲੀ, 9 ਮਾਰਚ
ਯੂਕਰੇਨ ਦੇ ਉੱਤਰ-ਪੂਰਬੀ ਸ਼ਹਿਰ ਸੂਮੀ ਵਿਚੋਂ ਕੱਢੇ ਗਏ 700 ਭਾਰਤੀ ਹੁਣ ਪੋਲਤਾਵਾ ਸ਼ਹਿਰ ਤੋਂ ਵਿਸ਼ੇਸ਼ ਰੇਲ ਗੱਡੀ ਵਿਚ ਸਵਾਰ ਹੋ ਗਏ ਹਨ ਤੇ ਭਲਕੇ ਪੋਲੈਂਡ ਤੋਂ ਭਾਰਤ ਦੀ ਉਡਾਣ ਵਿਚ ਸਵਾਰ ਹੋ ਸਕਦੇ ਸਨ। ਇਹ ਰੇਲਗੱਡੀ ਉਨ੍ਹਾਂ ਨੂੰ ਅੱਜ ਪੱਛਮੀ ਯੂਕਰੇਨ ਦੇ ਲਵੀਵ ਪਹੁੰਚਾ ਦੇਵੇਗੀ। ਭਾਰਤੀਆਂ ਦੇ ਗਰੁੱਪ ਵਿਚ ਕਈ ਬੰਗਲਾਦੇਸ਼ੀ ਤੇ ਨੇਪਾਲੀ ਨਾਗਰਿਕ ਵੀ ਹਨ। ਭਾਰਤੀ ਵਿਦਿਆਰਥੀਆਂ ਦੇ ਕੋਆਰਡੀਨੇਟਰ ਅੰਸ਼ਾਦ ਅਲੀ ਨੇ ਦੱਸਿਆ ਕਿ ਇੱਥੋਂ ਉਨ੍ਹਾਂ ਨੂੰ ਬੱਸਾਂ ਵਿਚ ਪੋਲੈਂਡ ਲਿਜਾਇਆ ਜਾਵੇਗਾ। ਪੋਲਤਾਵਾ ਤੇ ਲਵੀਵ ਵਿਚਾਲੇ ਫ਼ਾਸਲਾ 888 ਕਿਲੋਮੀਟਰ ਹੈ। ਜ਼ਿਕਰਯੋਗ ਹੈ ਕਿ ਇਹ ਭਾਰਤੀ ਵਿਦਿਆਰਥੀ ਦੋ ਹਫ਼ਤਿਆਂ ਤੱਕ ਬੇਹੱਦ ਮੁਸ਼ਕਲ ਹਾਲਤਾਂ ਵਿਚ ਜੰਗ ਦਾ ਸ਼ਿਕਾਰ ਸ਼ਹਿਰ ਸੂਮੀ ਵਿਚ ਫਸੇ ਰਹੇ। ਇਨ੍ਹਾਂ ਨੂੰ ਮੰਗਲਵਾਰ ਇੱਥੋਂ ਕੱਢ ਲਿਆ ਗਿਆ ਸੀ ਤੇ ਪੋਲਤਾਵਾ ਲਿਜਾਇਆ ਗਿਆ ਸੀ। ਭਾਰਤ ਸਰਕਾਰ ਸੂਮੀ ਵਿਚ ਫ਼ਸੇ ਇਨ੍ਹਾਂ ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢਣ ਲਈ ਕਈ ਦਿਨਾਂ ਤੋਂ ਜੱਦੋਜਹਿਦ ਕਰ ਰਹੀ ਸੀ ਤੇ ਬਹੁਤ ਨਾਜ਼ੁਕ ਤੇ ਚੁਣੌਤੀਪੂਰਨ ਪ੍ਰਕਿਰਿਆ ਨੂੰ ਸਿਰੇ ਚੜ੍ਹਾਇਆ ਜਾ ਰਿਹਾ ਹੈ। ਹੁਣ ਤੱਕ ਹਜ਼ਾਰਾਂ ਵਿਦਿਆਰਥੀ ‘ਅਪਰੇਸ਼ਨ ਗੰਗਾ’ ਤਹਿਤ ਕਈ ਉਡਾਣਾਂ ਵਿਚ ਭਾਰਤ ਆ ਚੁੱਕੇ ਹਨ। ਅਲੀ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਵੱਡੇ ਗਰੁੱਪ ਨੂੰ 13 ਬੱਸਾਂ ਦੇ ਕਾਫ਼ਲੇ ਵਿਚ ਕੱਢਿਆ ਗਿਆ ਜਿਸ ਦੀ ਅਗਵਾਈ ਪੋਲਤਾਵਾ ਤੱਕ ਰੈੱਡ ਕਰਾਸ ਦੀ ਕੌਮਾਂਤਰੀ ਕਮੇਟੀ ਨੇ ਕੀਤੀ। ਸੂਮੀ ਵਿਚ ਕਈ ਦਿਨਾਂ ਤੋਂ ਜ਼ੋਰਦਾਰ ਬੰਬਾਰੀ ਤੇ ਗੋਲੀਬਾਰੀ ਹੋ ਰਹੀ ਸੀ। 25 ਸਾਲਾ ਭਾਰਤੀ ਵਿਦਿਆਰਥਣ ਜਿਸਨਾ ਜੀਜੀ ਨੇ ਰੇਲ ਵਿਚੋਂ ਗੱਲ ਕਰਦਿਆਂ ਕਿਹਾ ਕਿ ਸੂਮੀ ’ਚੋਂ ਨਿਕਲ ਕੇ ਵਿਦਿਆਰਥੀ ਬਹੁਤ ਰਾਹਤ ਮਹਿਸੂਸ ਕਰ ਰਹੇ ਹਨ। ਉਸ ਨੇ ਕਿਹਾ, ‘ਅਸੀਂ ਥੱਕੇ ਹੋਏ ਹਾਂ ਪਰ ਖ਼ੁਸ਼ ਹਾਂ। ਅਸੀਂ ਮੰਗਲਵਾਰ ਸਵੇਰ ਤੋਂ ਸਫ਼ਰ ਕਰ ਰਹੇ ਹਾਂ ਤੇ ਕੁਝ ਘੰਟੇ ਹੋਰ ਸਫ਼ਰ ਕਰਨਾ ਪਏਗਾ, ਸਾਨੂੰ ਆਸ ਹੈ ਕਿ ਅਸੀਂ ਹੁਣ ਸੁਰੱਖਿਅਤ ਘਰ ਪਹੁੰਚ ਜਾਵਾਂਗੇ।’ ਅਲੀ ਨੇ ਪੋਲਤਾਵਾ ਤੋਂ ਗੱਲ ਕਰਦਿਆਂ ਦੱਸਿਆ ਕਿ ਲਵੀਵ ਤੱਕ ਰੇਲਗੱਡੀ ਵਿਚ 12 ਘੰਟਿਆਂ ਦਾ ਸਫ਼ਰ ਹੈ ਜਿੱਥੋਂ ਅੱਗੇ ਬੱਸਾਂ ਰਾਹੀਂ ਸਰਹੱਦ ਪਾਰ ਕਰ ਕੇ ਪੋਲੈਂਡ ਪਹੁੰਚਿਆ ਜਾਵੇਗਾ। -ਪੀਟੀਆਈ
ਲੋਕਾਂ ਲਈ ਸੁਰੱਖਿਅਤ ਲਾਂਘੇ ਹੋਰ ਬਿਹਤਰ ਹੋਣ ਦੀ ਆਸ: ਰੈੱਡ ਕਰਾਸ
ਬਰਲਿਨ: ਕੌਮਾਂਤਰੀ ਰੈੱਡ ਕਰਾਸ ਕਮੇਟੀ ਨੇ ਆਸ ਜਤਾਈ ਹੈ ਕਿ ਯੂਕਰੇਨ ਦੇ ਜੰਗ ਵਿਚ ਘਿਰੇ ਸ਼ਹਿਰਾਂ ’ਚੋਂ ਲੋਕਾਂ ਨੂੰ ਕੱਢਣ ਲਈ ਦਿੱਤੇ ਜਾ ਰਹੇ ਮਨੁੱਖੀ ਲਾਂਘੇ ਹੋਰ ਬਿਹਤਰ ਹੋਣਗੇ। ਜ਼ਿਕਰਯੋਗ ਹੈ ਕਿ ਪਹਿਲਾਂ ਸੁਰੱਖਿਅਤ ਲਾਂਘੇ ਬਣਾਉਣ ਲਈ ਯੂਕਰੇਨ ਤੇ ਰੂਸ ਵਿਚਾਲੇ ਸਹਿਮਤੀ ਬਣ ਕੇ ਕਈ ਵਾਰ ਟੁੱਟ ਗਈ ਸੀ। ਕਮੇਟੀ ਦੇ ਪ੍ਰਧਾਨ ਪੀਟਰ ਮੌਰਰ ਨੇ ਜਰਮਨੀ ਦੇ ਰੇਡੀਓ ਨੂੰ ਦੱਸਿਆ ਕਿ ਸੰਗਠਨ ਕਈ ਦਿਨਾਂ ਤੋਂ ਵਿਰੋਧੀ ਧਿਰਾਂ ਨੂੰ ਇਸ ਮਾਮਲੇ ਉਤੇ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੋਵਾਂ ਮੁਲਕਾਂ ਨੂੰ ਫ਼ੌਜੀ ਪੱਧਰ ਦੀ ਗੱਲਬਾਤ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਸੀ ਤਾਂ ਕਿ ਨਾਗਰਿਕ ਸੁਰੱਖਿਅਤ ਨਿਕਲ ਸਕਣ। -ਏਪੀ