ਵਾਸ਼ਿੰਗਟਨ, 11 ਨਵੰਬਰ
ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਸਿੱਖਿਆ ਦੇ ਖੇਤਰ ’ਚ ਵੀ ਕੁਦਰਤੀ ਭਾਈਵਾਲ ਹਨ। ਉਨ੍ਹਾਂ ਦੋਵੇਂ ਮੁਲਕਾਂ ਦੇ ਵਿਦਿਅਕ ਅਦਾਰਿਆਂ ਵਿਚਕਾਰ ਸਹਿਯੋਗ ਮਜ਼ਬੂਤ ਕਰਨ ’ਤੇ ਵੀ ਜ਼ੋਰ ਦਿੱਤਾ। ਭਾਰਤੀ ਸਫ਼ਾਰਤਖਾਨੇ ਵੱਲੋਂ ਨਿਊਯਾਰਕ, ਸ਼ਿਕਾਗੋ, ਸਾਂ ਫਰਾਂਸਿਸਕੋ, ਹਿਊਸਟਨ ਅਤੇ ਅਟਲਾਂਟਾ ਦੇ ਕੌਂਸਲਖਾਨਿਆਂ ਦੀ ਸਹਾਇਤਾ ਨਾਲ ‘ਐਡਵਾਂਸਿੰਗ ਇੰਡੀਆ-ਯੂਐੱਸ ਐਜੂਕੇਸ਼ਨ ਪਾਰਟਰਨਸ਼ਿਪ’ ਬਾਰੇ ਕਰਵਾਏ ਗਏ ਰਾਊਂਡਟੇਬਲ ’ਚ ਵਰਚੁਅਲੀ ਹਿੱਸਾ ਲੈਂਦਿਆਂ ਸ੍ਰੀ ਪ੍ਰਧਾਨ ਨੇ ਕਿਹਾ ਕਿ ਭਾਰਤ ਦੀ ਕੌਮੀ ਸਿੱਖਿਆ ਨੀਤੀ 2020 ਨੇ ਆਲਮੀ ਪੱਧਰ ’ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਰਾਹ ਖੋਲ੍ਹ ਦਿੱਤੇ ਹਨ। ਉਨ੍ਹਾਂ ਕਿਹਾ ਕਿ ਨਵੀਂ ਨੀਤੀ ਸਿੱਖਿਆ ਖੇਤਰ ’ਚ ਭਾਈਵਾਲੀ ਅਤੇ ਆਪਸੀ ਸਬੰਧ ਮਜ਼ਬੂਤ ਕਰਨ ਨੂੰ ਉਤਸ਼ਾਹਿਤ ਕਰਦੀ ਹੈ। ਇਸ ਰਾਊਂਡਟੇਬਲ ’ਚ 20 ਅਮਰੀਕੀ ਯੂਨੀਵਰਸਿਟੀਆਂ ਦੇ ਮੁਖੀਆਂ, ਚਾਂਸਲਰਾਂ ਅਤੇ ਨੁਮਾਇੰਦਿਆਂ ਨੇ ਹਿੱਸਾ ਲਿਆ। ਸਾਰੇ ਅਮਰੀਕੀ ਭਾਈਵਾਲਾਂ ਨੇ ਨਵੀਂ ਸਿੱਖਿਆ ਨੀਤੀ 2020 ਨੂੰ ਲਾਹੇਵੰਦ ਦੱਸਦਿਆਂ ਇਸ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ’ਚੋਂ ਸਾਰੇ ਅੜਿੱਕਿਆਂ ਖਾਸ ਕਰਕੇ ਨੌਕਰਸ਼ਾਹੀ ਨਾਲ ਸਬੰਧਤ ਮੁਸ਼ਕਲਾਂ ਦੂਰ ਕਰਨ ਨਾਲ ਭਾਰਤ ਅਤੇ ਅਮਰੀਕਾ ਵਿਚਕਾਰ ਸਾਰੇ ਮੁਹਾਜ਼ਾਂ ’ਤੇ ਲਾਭ ਹੋਵੇਗਾ। -ਪੀਟੀਆਈ