ਫਰੈਂਕਫਰਟ, 31 ਅਕਤੂਬਰ
ਯੂਰੋ ਕਰੰਸੀ ਵਰਤਣ ਵਾਲੇ 19 ਦੇਸ਼ਾਂ ਵਿਚ ਮਹਿੰਗਾਈ ਨੇ ਰਿਕਾਰਡ ਤੋੜ ਦਿੱਤੇ ਹਨ। ਇਸ ਦਾ ਕਾਰਨ ਯੂਕਰੇਨ-ਰੂਸ ਜੰਗ ਕਾਰਨ ਕੁਦਰਤੀ ਗੈਸ ਤੇ ਬਿਜਲੀ ਦਾ ਮਹਿੰਗਾ ਹੋਣਾ ਦੱਸਿਆ ਜਾ ਰਿਹਾ ਹੈ। ਉੱਥੇ ਆਰਥਿਕ ਵਿਕਾਸ ਦਰ ਵੀ ਸੁਸਤ ਹੈ ਤੇ ਅਰਥਸ਼ਾਸਤਰੀਆਂ ਨੇ ਮੰਦੀ ਆਉਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ। ਮਹਿੰਗਾਈ ਹੋਣ ਕਾਰਨ ਯੂਰੋਪੀ ਲੋਕਾਂ ਦੀ ਖ਼ਰਚਾ ਕਰਨ ਦੀ ਸਮਰੱਥਾ ਵੀ ਪ੍ਰਭਾਵਿਤ ਹੋਈ ਹੈ। ਅਕਤੂਬਰ ਮਹੀਨੇ ਵਿਚ ਸਾਲਾਨਾ ਮਹਿੰਗਾਈ 10.7 ਪ੍ਰਤੀਸ਼ਤ ਨੂੰ ਅੱਪੜ ਗਈ ਹੈ। ਯੂਰੋਪੀਅਨ ਯੂਨੀਅਨ ਦੀ ਅੰਕੜਿਆਂ ਬਾਰੇ ਏਜੰਸੀ ‘ਯੂਰੋਸਟੈਟ’ ਮੁਤਾਬਕ ਸਤੰਬਰ ਵਿਚ ਇਹ 9.9 ਪ੍ਰਤੀਸ਼ਤ ਸੀ ਜੋ ਕਿ 1997 ਤੋਂ ਬਾਅਦ ਸਭ ਤੋਂ ਉੱਚੀ ਦਰ ਹੈ। ਜ਼ਿਕਰਯੋਗ ਹੈ ਕਿ 1997 ਤੋਂ ਹੀ ਏਜੰਸੀ ਨੇ ਅੰਕੜੇ ਜਾਰੀ ਕਰਨੇ ਸ਼ੁਰੂ ਕੀਤੇ ਸਨ। ਯੂਕਰੇਨ ’ਤੇ ਰੂਸ ਦੇ ਹਮਲੇ ਤੋਂ ਬਾਅਦ ਗੈਸ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ ਕਿਉਂਕਿ ਰੂਸ ਨੇ ਪਾਈਪਲਾਈਨ ਸਪਲਾਈ ਬਹੁਤ ਘੱਟ ਕੀਤੀ ਹੋਈ ਹੈ। ਯੂਰੋਪ ਨੂੰ ਅਮਰੀਕਾ ਤੇ ਕਤਰ ਤੋਂ ਮਹਿੰਗੀ ਗੈਸ ਸਮੁੰਦਰੀ ਜਹਾਜ਼ਾਂ ਰਾਹੀਂ ਮੰਗਵਾਉਣੀ ਪੈ ਰਹੀ ਹੈ। ਇਸ ਨਾਲ ਬਿਜਲੀ ਪੈਦਾ ਹੋ ਰਹੀ ਤੇ ਘਰਾਂ ਨੂੰ ਨਿੱਘਾ ਰੱਖਿਆ ਜਾ ਰਿਹਾ ਹੈ। ਜਦਕਿ ਉੱਚੀਆਂ ਕੀਮਤਾਂ ਕਾਰਨ ਕੁਝ ਸਨਅਤੀ ਉਤਪਾਦ ਜਿਵੇਂ ਸਟੀਲ ਜਾਂ ਖਾਦਾਂ ਮਹਿੰਗੇ ਹੋ ਗਏ ਹਨ ਜਾਂ ਇਨ੍ਹਾਂ ਦਾ ਉਤਪਾਦਨ ਫਾਇਦੇ ਦਾ ਸੌਦਾ ਨਹੀਂ ਰਿਹਾ। ਲੋਕਾਂ ਦੀ ਖ਼ਰੀਦ ਸ਼ਕਤੀ ਬੇਹੱਦ ਘੱਟ ਗਈ ਹੈ, ਜ਼ਿਆਦਾਤਰ ਆਮਦਨੀ ਤੇਲ ਤੇ ਬਿੱਲਾਂ ਉਪਰ ਖ਼ਰਚ ਹੋ ਰਹੀ ਹੈ। -ਏਪੀ