ਲਾਹੌਰ, 11 ਜੂਨ
ਪਾਕਿਸਤਾਨ ਦੀ ਇਕ ਅਦਾਲਤ ਨੇ ਪ੍ਰਧਾਨ ਮੰਤਰੀ ਸ਼ਹਬਿਾਜ਼ ਸ਼ਰੀਫ ਅਤੇ ਉਸ ਦੇ ਪੁੱਤਰ ਹਮਜਾ ਸ਼ਹਬਿਾਜ਼ ਸ਼ਰੀਫ ਨੂੰ ਅਰਬਾਂ ਰੁਪਏ ਦੇ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ਵਿੱਚ ਸ਼ਨਿਚਰਵਾਰ ਨੂੰ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਹਮਜਾ ਸ਼ਹਬਿਾਜ਼ ਸ਼ਰੀਫ ਪੰਜਾਬ ਦੇ ਮੁੱਖ ਮੰਤਰੀ ਹਨ। ਸੰਘੀ ਜਾਂਚ ਏਜੰਸੀ ਨੇ ਪਹਿਲਾਂ ਹੀ ਯੂ-ਟਰਨ ਲੈਂਦਿਆਂ ਅਦਾਲਤ ਦੇ ਜੱਜ ਨੂੰ ਦੱਸਿਆ ਕਿ ਦੋਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਲੋੜ ਨਹੀਂ ਹੈ ਜਿਸ ਤੋਂ ਬਾਅਦ ਪਿਤਾ-ਪੁੱਤਰ ਨੂੰ ਵੱਡੀ ਰਾਹਤ ਮਿਲੀ। ਜ਼ਿਕਰਯੋਗ ਹੈ ਕਿ ਸੰਘੀ ਜਾਂਚ ਏਜੰਸੀ ਨੇ ਹੀ ਪਿਛਲੇ ਹਫਤੇ 14 ਅਰਬ ਰੁਪਏ ਦੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਤੇ ਹੋਰਨਾਂ ਸ਼ੱਕੀ ਵਿਅਕਤੀਆਂ ਖ਼ਿਲਾਫ਼ ਅੰਤ੍ਰਿਮ ਜਾਂਚ ਰਿਪੋਰਟ ਪੇਸ਼ ਕੀਤੀ ਸੀ। -ਪੀਟੀਆਈ