ਹੇਗ, 21 ਨਵੰਬਰ
ਕੌਮਾਂਤਰੀ ਅਪਰਾਧ ਅਦਾਲਤ (ਆਈਸੀਸੀ) ਨੇ ਅੱਜ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਹਮਾਸ ਦੇ ਅਧਿਕਾਰੀਆਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਉਨ੍ਹਾਂ ’ਤੇ ਗਾਜ਼ਾ ਵਿੱਚ ਯੁੱਧ ਅਤੇ ਅਕਤੂਬਰ 2023 ਦੇ ਹਮਲਿਆਂ ਨੂੰ ਲੈ ਕੇ ਯੁੱਧ ਅਪਰਾਧ ਦੇ ਮਾਨਵਤਾ ਖ਼ਿਲਾਫ਼ ਅਪਰਾਧ ਦਾ ਦੋਸ਼ ਲਾਇਆ ਗਿਆ ਹੈ। ਇਜ਼ਰਾਈਲ ਨੇ ਅਕਤੂਬਰ 2023 ਵਿੱਚ ਫਲਸਤੀਨੀ ਖੇਤਰ ਵਿੱਚ ਹਮਲੇ ਸ਼ੁਰੂ ਕੀਤੇ ਸਨ, ਜਿਸ ਮਗਰੋਂ ਹਮਾਸ ਦੇ ਕਈ ਅਧਿਕਾਰੀ ਮਾਰੇ ਗਏ।
ਦੂਜੇ ਪਾਸੇ ਅਮਰੀਕਾ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੇ ਸਾਬਕਾ ਰੱਖਿਆ ਮੁਖੀ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੇ ਫੈਸਲੇ ਨੂੰ ਖਾਰਜ ਕਰ ਦਿੱਤਾ। ਇਹ ਜਾਣਕਾਰੀ ਵ੍ਹਾਈਟ ਹਾਊਸ ਦੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਬੁਲਾਰੇ ਨੇ ਦਿੱਤੀ ਹੈ। ਸੰਯੁਕਤ ਰਾਜ ਅਮਰੀਕਾ ਨੇ ਅਦਾਲਤ ਦੇ ਫੈਸਲੇ ਨੂੰ ਬੁਨਿਆਦੀ ਤੌਰ ’ਤੇ ਰੱਦ ਕਰ ਦਿੱਤਾ ਹੈ।