ਤਹਿਰਾਨ, 5 ਜੁਲਾਈ
ਇਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰੀਫ਼ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਹੋਈ ਗੱਲਬਾਤ ਮਗਰੋਂ ਦੋਵੇਂ ਮੁਲਕ ਰਣਨੀਤਕ ਭਾਈਵਾਲੀ ਹੋਰ ਡੂੰਘੀ ਕਰਨ ਉਤੇ ਸਹਿਮਤ ਹੋਏ ਹਨ। ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਮਗਰੋਂ ਜ਼ਰੀਫ਼ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਵਿਆਪਕ ਰਣਨੀਤਕ ਤਾਲਮੇਲ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਲੰਮੇ ਸਮੇਂ ਤੋਂ ਕੌਮਾਂਤਰੀ ਮੁੱਦਿਆਂ ’ਤੇ ਇਕ-ਦੂਜੇ ਨੂੰ ਸਹਿਯੋਗ ਕਰ ਰਹੇ ਹਨ। ਚੀਨ ਪ੍ਰਮਾਣੂ ਸਮਝੌਤੇ ’ਤੇ ਵੀ ਇਰਾਨ ਨੂੰ ਸਮਰਥਨ ਦੇਣ ’ਤੇ ਸਹਿਮਤ ਹੋਇਆ ਹੈ। ਇਸ ਤੋਂ ਇਲਾਵਾ ਦੋਵੇਂ ਮੁਲਕ ਕੌਮਾਂਤਰੀ ਕਾਨੂੰਨਾਂ ਦੀ ਪਾਲਣਾ ਯਕੀਨੀ ਬਣਾਉਣ ਤੇ ਬਹੁਪੱਖੀ ਪਹੁੰਚ ਅਪਣਾਉਣ ਦੇ ਮੁੱਦਿਆਂ ’ਤੇ ਵੀ ਸਹਿਮਤ ਹੋਏ। ਸਰਕਾਰੀ ਬੁਲਾਰੇ ਨੇ ਕਿਹਾ ਕਿ ਇਰਾਨ ਤੇ ਚੀਨ ਅਗਲੇ 25 ਸਾਲਾਂ ਨੂੰ ਧਿਆਨ ’ਚ ਰੱਖ ਕੇ ਰਣਨੀਤੀ ਬਣਾ ਰਹੇ ਹਨ ਜੋ ਕਿ ਅਮਰੀਕਾ ਨੂੰ ਇਰਾਨ ਨੂੰ ਅਲੱਗ-ਥਲੱਗ ਕਰਨ ਤੋਂ ਰੋਕੇਗੀ। ਇਰਾਨੀ ਕੈਬਨਿਟ ਨੇ ਵੀ ਇਸ 25 ਸਾਲਾ ਵਿਆਪਕ ਯੋਜਨਾਬੰਦੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤਹਿਤ ਮੁੱਢਲੇ ਢਾਂਚੇ ਦਾ ਵਿਕਾਸ ਕੀਤਾ ਜਾਵੇਗਾ, ‘ਬੈਲਟ ਤੇ ਰੋਡ’ ਪ੍ਰਾਜੈਕਟ ਨਾਲ ਜੁੜੇ ਉੱਦਮਾਂ ਨੂੰ ਤਰਜੀਹ ਮਿਲੇਗੀ, ਉਦਯੋਗਾਂ, ਸੈਰ-ਸਪਾਟੇ, ਸੂਚਨਾ ਤਕਨੀਕ ਤੇ ਸੰਚਾਰ ਲਈ ਨਿਵੇਸ਼ ਖਿੱਚਿਆ ਜਾਵੇਗਾ। -ਏਪੀ
ਇਰਾਨ ਨਾਲ ਲੱਗਦੇ ਚਾਰ ਸਰਹੱਦੀ ਪੁਆਇੰਟ ਖੋਲ੍ਹੇਗਾ ਪਾਕਿਸਤਾਨ
ਇਸਲਾਮਾਬਾਦ: ਪਾਕਿਸਤਾਨ ਸਰਕਾਰ ਨੇ ਅੱਜ ਤੋਂ ਕਾਰੋਬਾਰ ਲਈ ਇਰਾਨ ਨਾਲ ਲੱਗਦੇ ਚਾਰ ਸਰਹੱਦੀ ਪੁਆਇੰਟ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਨੇ ਇਸ ਸਬੰਧੀ ਸਰਹੱਦੀ ਪੁਲੀਸ (ਦੱਖਣ) ਤੁਰਬਤ ਦੇ ਇੰਸਪੈਕਟਰ ਜਨਰਲ ਅਤੇ ਫੈਡਰਲ ਜਾਂਚ ਏਜੰਸੀ ਦੇ ਡਾਇਰੈਕਟਰ ਜਨਰਲ ਇਸਲਾਮਾਬਾਦ ਨੂੰ ਸੂਚਿਤ ਕਰ ਦਿੱਤਾ ਸੀ ਕਿ ਐਤਵਾਰ ਤੋਂ ਗੁਬਦ, ਮੰਡ, ਕਤਾਗੁਰ ਅਤੇ ਚਗਾਈ ਸਰਹੱਦੀ ਪੁਆਇੰਟ ਖੋਲ੍ਹ ਦਿੱਤੇ ਜਾਣਗੇ। -ਆਈਏਐੱਨਐੱਸ