ਇਸਲਾਮਾਬਾਦ: ਇਕ-ਦੂਜੇ ਦੀ ਧਰਤੀ ’ਤੇ ਕਥਿਤ ਅਤਿਵਾਦੀਆਂ ਵਿਰੁੱਧ ਮਿਜ਼ਾਈਲ ਹਮਲਿਆਂ ਮਗਰੋਂ ਪੈਦਾ ਹੋਏ ਤਣਾਅ ਨੂੰ ਘੱਟ ਕਰਨ ਲਈ ਪਾਕਿਸਤਾਨ ਤੇ ਇਰਾਨ ਦੇ ਵਿਦੇਸ਼ ਮੰਤਰੀ ਵੱਲੋਂ ਆਪਸੀ ਸੰਵਾਦ ਕੀਤੇ ਜਾਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੋਵਾਂ ਪਾਸਿਓਂ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਇਕ-ਦੂਜੇ ਨੂੰ ਸੁਨੇਹੇ ਭੇਜੇ ਸਨ ਜਿਸ ਤੋਂ ਚੰਗੇ ਸੰਕੇਤ ਮਿਲੇ ਸਨ। ਹਾਲ ਹੀ ਵਿਚ ਇਰਾਨ ਨੇ ਪਾਕਿ ਦੇ ਬਲੋਚਿਸਤਾਨ ਸੂਬੇ ਵਿਚ ਸੁੰਨੀ ਅਤਿਵਾਦੀ ਗਰੁੱਪ ’ਤੇ ਹਵਾਈ ਹਮਲੇ ਕੀਤੇ ਸਨ। ਇਸ ਦੇ ਜਵਾਬ ਵਿਚ ਪਾਕਿ ਨੇ ਵੀ ਇਰਾਨ ਦੀ ਧਰਤੀ ’ਤੇ ਅਤਿਵਾਦੀਆਂ ਦੀਆਂ ਲੁਕਣਗਾਹਾਂ ’ਤੇ ਹਮਲੇ ਕਰਨ ਦਾ ਦਾਅਵਾ ਕੀਤਾ ਸੀ। ਸੂਤਰਾਂ ਮੁਤਾਬਕ ਦੋਵਾਂ ਮੁਲਕਾਂ ਨੇ ਟਕਰਾਅ ਹੋਰ ਨਾ ਵਧਾਉਣ ਦਾ ਸੰਕੇਤ ਦਿੱਤਾ ਹੈ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਜਲੀਲ ਅੱਬਾਸ ਜਿਲਾਨੀ ਅਤੇ ਇਰਾਨੀ ਵਿਦੇਸ਼ ਮੰਤਰੀ ਹੁਸੈਨ ਅਮੀਰ-ਅਬਦੁੱਲ੍ਹਾਇਅਨ ਜਲਦੀ ਗੱਲਬਾਤ ਕਰਨਗੇ। ਹਾਲਾਂਕਿ ਵਾਰਤਾ ਲਈ ਤੈਅ ਸਮੇਂ ਬਾਰੇ ਖੁੱਲ੍ਹ ਕੇ ਨਹੀਂ ਦੱਸਿਆ ਗਿਆ ਹੈ। -ਪੀਟੀਆਈ