ਦੁਬਈ, 28 ਅਕਤੂਬਰ
ਇਰਾਨ ਨੇ ਨਤਾਂਜ਼ ਵਿਚਲੇ ਆਪਣੇ ਜ਼ਮੀਨਦੋਜ਼ ਪ੍ਰਮਾਣੂ ਟਿਕਾਣੇ ’ਤੇ ਉਸਾਰੀ ਕਾਰਜ ਸ਼ੁਰੂ ਕਰ ਦਿੱਤੇ ਹਨ। ਇਹ ਦਾਅਵਾ ਕੁਝ ਉਪਗ੍ਰਹਿ ਤਸਵੀਰਾਂ ਦੇ ਹਵਾਲੇ ਨਾਲ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੀ ਪ੍ਰਮਾਣੂ ਏਜੰਸੀ ਆਈਏਈਏ ਨੇ ਪੁਸ਼ਟੀ ਕੀਤੀ ਸੀ ਕਿ ਤਹਿਰਾਨ ਵੱਲੋਂ ਜ਼ਮੀਨਦੋਜ਼ ਅਤਿ-ਆਧੁਨਿਕ ਸੈਂਟਰੀਫਿਊਜ ਅਸੈਂਬਲੀ ਪਲਾਂਟ ਉਸਾਰਿਆ ਜਾ ਰਿਹਾ ਹੈ। ਹਾਲਾਂਕਿ ਇਰਾਨ ਵੱਲੋਂ ਪਹਿਲਾਂ ਬਣਾਇਆ ਪਲਾਂਟ ਪਿਛਲੀਆਂ ਗਰਮੀਆਂ ਵਿੱਚ ਇਕ ਧਮਾਕੇ ਕਰਕੇ ਨੁਕਸਾਨਿਆ ਗਿਆ ਸੀ।
ਧਮਾਕੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਪਲਾਂਟ ਨੂੰ ਸਾਬੋਤਾਜ ਕਰਨ ਲਈ ਕੀਤਾ ਗਿਆ ਹਮਲਾ ਸੀ। ਤਹਿਰਾਨ ਵੱਲੋਂ ਇਹ ਉਸਾਰੀ ਅਜਿਹੇ ਮੌਕੇ ਕੀਤੀ ਜਾ ਰਹੀ ਹੈ ਜਦੋਂ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਅਗਲੇ ਦਿਨਾਂ ਵਿੱਚ ਹੋਣੀਆਂ ਹਨ। ਚੋਣ ਨਤੀਜਿਆਂ ਤੋਂ ਸਾਫ਼ ਹੋਵੇਗਾ ਕਿ ਅਮਰੀਕਾ, ਤਹਿਰਾਨ ਦੀ ਇਸ ਪੇਸ਼ਕਦਮੀ ਨੂੰ ਲੈ ਕੇ ਕੀ ਰੁਖ਼ ਅਪਣਾਉਂਦਾ ਹੈ।
ਸਾਂ ਫਰਾਂਸਿਸਕੋ ਸਥਿਤ ‘ਪਲੈਨੈੱਟ ਲੈਬਜ਼’ ਤੋਂ ਪ੍ਰਾਪਤ ਤਸਵੀਰਾਂ ਵਿੱਚ ਸਾਫ਼ ਦਿਸ ਰਿਹਾ ਹੈ ਕਿ ਇਰਾਨ ਨੇ ਨਤਾਂਜ਼ ਦੇ ਦੱਖਣ ਵਿੱਚ ਨਵੀਂ ਸੜਕ ਦੀ ਊਸਾਰੀ ਕੀਤੀ ਹੈ, ਜਿਸ ਨੂੰ ਮਾਹਿਰ ਸੁਰੱਖਿਆ ਬਲਾਂ ਦੀ ਵਰਤੋਂ ਲਈ ਪਹਿਲਾਂ ਬਣਾਈ ਗਈ ਫਾਇਰਿੰਗ ਰੇਂਜ ਮੰਨ ਰਹੇ ਹਨ। ਸੋਮਵਾਰ ਨੂੰ ਮਿਲੀਆਂ ਇਨ੍ਹਾਂ ਉਪਗ੍ਰਹਿ ਤਸਵੀਰਾਂ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਊਸ ਥਾਂ ਤੋਂ ਕੁਝ ਹਟਾਇਆ ਗਿਆ ਹੈ, ਜੋ ਊਸਾਰੀ ਕਾਰਜ ਨਾਲ ਜੁੜਿਆ ਸਾਜ਼ੋ-ਸਾਮਾਨ ਲਗਦਾ ਹੈ। ਮਿਡਲਬਰੀ ਇੰਸਟੀਚਿਊਟ ਆਫ਼ ਇੰਟਰਨੈਸ਼ਨਲ ਸਟੱਡੀਜ਼ ਵਿੱਚ ਜੇਮਜ਼ ਮਾਰਟਿਨ ਪ੍ਰਮਾਣੂ ਅਪ੍ਰਸਾਰ ਅਧਿਐਨ ਕੇਂਦਰ ਦੇ ਸਮੀਖਿਅਕਾਂ ਦਾ ਮੰਨਣਾ ਹੈ ਸਾਈਟ ’ਤੇ ਖੁਦਾਈ ਦਾ ਕੰਮ ਚੱਲ ਰਿਹਾ ਹੈ। ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ (ਆਈਏਈਏ) ਦੇ ਡਾਇਰੈਕਟਰ ਜਨਰਲ ਰਾਫ਼ਾਲ ਗ੍ਰੋਸੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ਦੇ ਇੰਸਪੈਕਟਰ ਤਹਿਰਾਨ ਵੱਲੋੋਂ ਕੀਤੀ ਜਾ ਰਹੀ ਊਸਾਰੀ ਤੋਂ ਜਾਣੂ ਹਨ।
ਉਨ੍ਹਾਂ ਕਿਹਾ ਕਿ ਇਰਾਨ ਨੇ ਏਜੰਸੀ ਦੇ ਇੰਸਪੈਕਟਰਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਅਤੇ ਪ੍ਰਮਾਣੂ ਕਰਾਰ ਟੁੱਟਣ ਦੇ ਬਾਵਜੂਦ ਇੰਸਪੈਕਟਰਾਂ ਨੂੰ ਇਰਾਨ ਦੇ ਪ੍ਰਮਾਣੂ ਟਿਕਾਣਿਆਂ ਤਕ ਰਸਾਈ ਹਾਸਲ ਹੈ।
-ਏਪੀ