ਤਹਿਰਾਨ,10 ਨਵੰਬਰ
ਇਰਾਨ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਦੇ ਦੋਸ਼ ਵਿੱਚ ਫੜੇ ਗਏ 157 ਲੋਕਾਂ ਨੂੰ ਮੁਆਫ਼ ਕਰ ਦਿੱਤਾ ਗਿਆ ਹੈ। ਦੇਸ਼ ਦੀ ਨਿਆਂਪਾਲਿਕਾ ਨੇ ਗ਼ੈਰ-ਕਾਨੂੰਨੀ ਕਾਰਵਾਈਆਂ ਵਿੱਚ ਸ਼ਮੂਲੀਅਤ ਕਰਨ ਵਾਲੇ ਲੋਕਾਂ ਨੂੰ ਛੱਡਣ ਦਾ ਅੱਜ ਐਲਾਨ ਕੀਤਾ ਹੈ।
ਨਿਆਂਪਾਲਿਕਾ ਦੇ ਤਰਜਮਾਨ ਗ਼ੁਲਾਮਹੁਸੈਨ ਇਸਮਾਇਲੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਛੱਡੇ ਗਏ ਲੋਕਾਂ ਨੂੰ ‘ਸਰਕਾਰ ਖ਼ਿਲਾਫ਼ ਪ੍ਰਚਾਰ ਕਰਨ’ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੇ ਪਿਛਲੇ ਤਿੰਨ ਸਾਲਾਂ ਤੋਂ ਸਰਕਾਰ ਵਿਰੋਧੀ ਹੋਏ ਵੱਖ-ਵੱਖ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ ਸੀ। ਸੁਪਰੀਮ ਆਗੂ ਆਇਤਉਲ੍ਹਾ ਅਲੀ ਖਾਮੇਨੀ ਨੇ ਪੈਗੰਬਰ ਮੁਹੰਮਦ ਦੇ ਜਨਮ ਦਿਹਾੜੇ ’ਤੇ ਉਨ੍ਹਾਂ ਨੂੰ ਮੁਆਫ਼ੀ ਦੇਣ ਦਾ ਆਦੇਸ਼ ਦਿੱਤਾ ਹੈ। ਖ਼ਾਮੇਨੀ ਨੇ ਪਿਛਲੇ ਹਫ਼ਤੇ 3780 ਕੈਦੀਆਂ ਨੂੰ ਮੁਆਫ਼ੀ ਦੇਣ ਦੇ ਹੁਕਮ ਜਾਰੀ ਕੀਤੇ ਸਨ।
-ਏਪੀ