ਦੁਬਈ, 29 ਜੂਨ
ਇਰਾਨ ਵਿਚ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਦੇ ਰੁਝਾਨਾਂ ਵਿਚ ਸੁਧਾਰਵਾਦੀ ਉਮੀਦਵਾਰ ਮਸੂਦ ਪੇਜ਼ੇਸ਼ਕੀਅਨ ਤੇ ਕੱਟੜਵਾਦੀ ਉਮੀਦਵਾਰ ਸਈਦ ਜਲੀਲੀ ਵਿਚਾਲੇ ਫਸਵਾਂ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਇਰਾਨ ਦੇ ਸਰਕਾਰੀ ਟੈਲੀਵਿਜ਼ਨ ਚੈਨਲ ਵੱਲੋਂ ਪ੍ਰਸਾਰਿਤ ਸ਼ੁਰੂਆਤੀ ਨਤੀਜਿਆਂ ਵਿਚ ਦੋਵਾਂ ਉਮੀਦਵਾਰਾਂ ’ਚੋਂ ਕਿਸੇ ਨੂੰ ਵੀ ਸਿੱਧੀ ਜਿੱਤ ਹਾਸਲ ਕਰਨ ਦੀ ਸਥਿਤੀ ਵਿਚ ਨਹੀਂ ਦਿਖਾਇਆ ਗਿਆ ਹੈ। ਲਿਹਾਜ਼ਾ ਸਿਖਰਲੀਆਂ ਦੋ ਥਾਵਾਂ ’ਤੇ ਰਹਿਣ ਵਾਲੇ ਉਮੀਦਵਾਰਾਂ ਦਰਮਿਆਨ ਫਸਵਾਂ ਮੁਕਾਬਲਾ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਚੈਨਲ ਨੇ ਦੱਸਿਆ ਕਿ 1.20 ਕਰੋੜ ਵੋਟਾਂ ਦੀ ਗਿਣਤੀ ਮਗਰੋਂ ਪੇਜ਼ੇਸ਼ਕੀਅਨ ਨੂੰ 53 ਲੱਖ ਵੋਟ ਜਦੋਂਕਿ ਜਲੀਲੀ ਨੂੰ 48 ਲੱਖ ਵੋਟ ਪਏ ਹਨ। ਸੰਸਦ ਦੇ ਕੱਟੜਵਾਦੀ ਸਪੀਕਰ ਮੁਹੰਮਦ ਬਾਘੇਰ ਕਲੀਬਾਫ਼ 16 ਲੱਖ ਵੋਟਾਂ ਨਾਲ ਤੀਜੇ ਤੇ ਸ਼ੀਆ ਧਰਮਗੁਰੂ ਮੁਸਤਫ਼ਾ ਪੂਰਮੁਹੰਮਦੀ 95,000 ਵੋਟਾਂ ਨਾਲ ਚੌਥੇ ਸਥਾਨ ’ਤੇ ਹੈ। ਇਰਾਨ ਵਿਚ ਰਾਸ਼ਟਰਪਤੀ ਦੇ ਅਹੁਦੇ ਲਈ ਸ਼ੁੱਕਰਵਾਰ ਨੂੰ ਵੋਟਾਂ ਪਈਆਂ ਸਨ। ਇਹ ਚੋਣਾਂ ਪਿਛਲੇ ਮਹੀਨੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਹੈਲੀਕਾਪਟਰ ਹਾਦਸੇ ਵਿਚ ਮੌਤ ਕਰਕੇ ਹੋ ਰਹੀਆਂ ਹਨ। -ਏਪੀ