ਇਸਲਾਮਾਬਾਦ, 3 ਨਵੰਬਰ
ਇਸਲਾਮਾਬਾਦ ਹਾਈ ਕੋਰਟ ਨੇ ਕਿਹਾ ਹੈ ਕਿ ਉਹ ਦੇਸ਼ ’ਚ ਸ਼ਾਂਤੀ ਨਾਲ ਖਿਲਵਾੜ ਦੀ ਕਿਸੇ ਨੂੰ ਇਜਾਜ਼ਤ ਨਹੀਂ ਦੇਵੇਗਾ। ਹਾਈ ਕੋਰਟ ਨੇ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਵੱਲੋਂ ਇਸਲਾਮਾਬਾਦ ’ਚ ਵੱਡੀ ਰੋਸ ਰੈਲੀ ਕਰਨ ਅਤੇ ਧਰਨਾ ਦੇਣ ਦੀ ਮੰਗੀ ਗਈ ਇਜਾਜ਼ਤ ’ਤੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਸੰਘੀ ਸਰਕਾਰ ਵੱਲੋਂ ਇਸਲਾਮਾਬਾਦ ’ਚ ਪ੍ਰਦਰਸ਼ਨ ਦੀ ਇਜਾਜ਼ਤ ਨਾ ਦਿੱਤੇ ਜਾਣ ’ਤੇ ਇਮਰਾਨ ਦੀ ਪਾਰਟੀ ਨੇ ਹਾਈ ਕੋਰਟ ’ਚ ਅਰਜ਼ੀ ਦਾਖ਼ਲ ਕੀਤੀ ਹੈ। ਜਸਟਿਸ ਫਾਰੂਕ ਨੇ ਪੀਟੀਆਈ ਨੂੰ ਨਿਰਦੇਸ਼ ਦਿੱਤੇ ਕਿ ਉਹ ਸ਼ਾਂਤੀ ਅਤੇ ਸੁਰੱਖਿਆ ਬਣਾ ਕੇ ਰੱਖੇ ਅਤੇ ਸੜਕਾਂ ਜਾਮ ਨਾ ਹੋਣ। -ਪੀਟੀਆਈ