ਬਗ਼ਦਾਦ, 5 ਸਤੰਬਰ
ਉੱਤਰੀ ਇਰਾਕ ਦੇ ਕਿਰਕੁਕ ਸੂਬੇ ਵਿੱਚ ਇਸਲਾਮਿਕ ਸਟੇਟ ਵੱਲੋਂ ਲੰਘੀ ਅੱਧੀ ਰਾਤ ਨੂੰ ਪੁਲੀਸ ਚੌਕੀ ’ਤੇ ਕੀਤੇ ਹਮਲੇ ਵਿੱਚ ਸੁਰੱਖਿਆ ਬਲਾਂ ਦੇ ਘੱਟੋ ਘੱਟ 13 ਜਵਾਨ ਹਲਾਕ ਤੇ ਛੇ ਹੋਰ ਜ਼ਖ਼ਮੀ ਹੋ ਗਏ। ਸੂਬਾਈ ਪੁਲੀਸ ਵਿਚਲੇ ਸੂਤਰ ਨੇ ਸਿਨਹੂਆ ਖ਼ਬਰ ਏਜੰਸੀ ਨੂੰ ਦੱਸਿਆ ਕਿ ਹਮਲਾ ਸ਼ਨਿੱਚਰਵਾਰ ਰਾਤ ਨੂੰ ਹੋਇਆ।
ਇਸਲਾਮਿਕ ਸਟੇਟ ਦੇ ਦਹਿਸ਼ਤਗਰਦਾਂ ਨੇ ਬਗ਼ਦਾਦ ਤੋਂ ਉੱਤਰ ਵਿੱਚ ਲਗਪਗ ਢਾਈ ਸੌ ਕਿਲੋਮੀਟਰ ਦੂਰ ਸੂਬਾਈ ਰਾਜਧਾਨੀ ਕਿਰਕੁਕ ਦੇ ਦੱਖਣ ਵਿੱਚ ਅਲ-ਰਾਸ਼ਦ ਸ਼ਹਿਰ ਨੇੜਲੇ ਪਿੰਡ ਦੀ ਸੰਘੀ ਪੁਲੀਸ ਚੌਕੀ ਨੂੰ ਨਿਸ਼ਾਨਾ ਬਣਾਇਆ। ਹਮਲੇ ਵਿੱਚ 13 ਪੁਲੀਸ ਮੁਲਾਜ਼ਮਾਂ ਦੀ ਮੌਤ ਹੋ ਗਈ ਜਦੋਂਕਿ ਛੇ ਹੋਰ ਜ਼ਖ਼ਮੀ ਹਨ। ਦਹਿਸ਼ਤਗਰਦਾਂ ਨੇ ਪੁਲੀਸ ਚੌਕੀ ਦੇ ਨਾਲ ਪਿੰਡ ਨੂੰ ਜਾਂਦੀ ਸੜਕ ਕਿਨਾਰੇ ਵੀ ਉਪਰੋਥਲੀ ਕਈ ਧਮਾਕੇ ਕੀਤੇ। ਖੇਤਰ ਵਿੱਚ ਵੱਡੀ ਗਿਣਤੀ ਸਲਾਮਤੀ ਦਸਤਿਆਂ ਦੀ ਆਮਦ ਮਗਰੋਂ ਹਮਲਾਵਰ ਉਥੋਂ ਰਫੂਚੱਕਰ ਹੋ ਗਏ।
ਚੇਤੇ ਰਹੇ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਇਸਲਾਮਿਕ ਸਟੇਟ ਦੇ ਦਹਿਸ਼ਤਗਰਦਾਂ ਨੇ ਇਰਾਕੀ ਸੁਰੱਖਿਆ ਬਲਾਂ ’ਤੇ ਹਮਲੇ ਤੇਜ਼ ਕਰ ਦਿੱਤੇ ਹਨ। ਇਨ੍ਹਾਂ ਹਮਲਿਆਂ ਵਿੱਚ ਦਰਜਨਾਂ ਲੋਕਾਂ ਦੀ ਜਾਨ ਜਾਂਦੀ ਰਹੀ ਹੈ ਜਦੋਂਕਿ ਵੱਡੀ ਗਿਣਤੀ ਲੋਕ ਜ਼ਖ਼ਮੀ ਹੋਏ ਹਨ। ਸਾਲ 2017 ਵਿੱਚ ਇਰਾਕੀ ਸੁਰੱਖਿਆ ਬਲਾਂ ਵੱਲੋਂ ਇਸਲਾਮਿਕ ਸਟੇਟ ਦੇ ਦਹਿਸ਼ਤਗਰਦਾਂ ਨੂੰ ਦਿੱਤੀ ਹਾਰ ਮਗਰੋਂ ਮੁਲਕ ਦੇ ਸੁਰੱਖਿਆ ਹਾਲਾਤ ’ਚ ਵੱਡਾ ਸੁਧਾਰ ਆਇਆ ਹੈ। ਇਸਲਾਮਿਕ ਸਟੇਟ ਦੇ ਦਹਿਸ਼ਤਗਰਦਾਂ ਵੱਲੋਂ ਸੁਰੱਖਿਆ ਬਲਾਂ ਤੇ ਆਮ ਲੋਕਾਂ ਨੂੰ ਗੁਰੀਲਾ ਹਮਲਿਆਂ ਰਾਹੀਂ ਨਿਸ਼ਾਨਾ ਬਣਾਇਆ ਜਾਂਦਾ ਹੈ। -ਆਈਏਐੱਨਐੱਸ/ਏਪੀ