ਸੰਯੁਕਤ ਰਾਸ਼ਟਰ, 7 ਸਤੰਬਰ
ਸੰਯੁਕਤ ਰਾਸ਼ਟਰ ਦੇ ਭੋਜਨ ਦੇ ਅਧਿਕਾਰ ਬਾਰੇ ਆਜ਼ਾਦ ਜਾਂਚਕਾਰ ਮਾਈਕਲ ਫਾਖ਼ਰੀ ਨੇ ਇਜ਼ਰਾਈਲ ’ਤੇ ਦੋਸ਼ ਲਾਇਆ ਹੈ ਕਿ ਉਹ ਫਲਸਤੀਨੀਆਂ ਖ਼ਿਲਾਫ਼ ਗਾਜ਼ਾ ’ਚ ਜੰਗ ਦੌਰਾਨ ਭੁੱਖਮਰੀ ਦੀ ਮੁਹਿੰਮ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਮਤ ਮਾਨਵੀ ਸਹਾਇਤਾ ਗਾਜ਼ਾ ਪਹੁੰਚ ਰਹੀ ਹੈ ਅਤੇ ਲੋਕਾਂ ਨੂੰ ਸਹੂਲਤਾਂ ਨਹੀਂ ਮਿਲ ਰਹੀਆਂ ਹਨ।
ਫਾਖ਼ਰੀ ਨੇ ਰਿਪੋਰਟ ’ਚ ਦਾਅਵਾ ਕੀਤਾ ਕਿ ਹਮਾਸ ਦੇ ਇਜ਼ਰਾਈਲ ’ਤੇ ਹਮਲੇ ਦੇ ਦੋ ਦਿਨਾਂ ਬਾਅਦ ਹੀ ਉਥੋਂ ਦੀ ਫੌਜ ਨੇ ਗਾਜ਼ਾ ’ਚ ਭੋਜਨ, ਪਾਣੀ, ਈਂਧਣ ਅਤੇ ਹੋਰ ਸਪਲਾਈ ਰੋਕ ਦਿੱਤੀ ਸੀ। ਫਾਖ਼ਰੀ ਨੇ ਦਾਅਵਾ ਕੀਤਾ ਕਿ ਦਸੰਬਰ ਤੱਕ 80 ਫ਼ੀਸਦੀ ਫਲਸਤੀਨੀਆਂ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦੋਸ਼ਾਂ ਨੂੰ ਝੂਠ ਦੱਸਿਆ ਅਤੇ ਕਿਹਾ ਕਿ ਜੋ ਮਰਜ਼ੀ ਆਖਿਆ ਜਾਵੇ, ਉਹ ਸੱਚ ਸਾਬਤ ਨਹੀਂ ਹੋਵੇਗਾ। ਕੌਮਾਂਤਰੀ ਦਬਾਅ ਪੈਣ ਕਾਰਨ ਨੇਤਨਯਾਹੂ ਸਰਕਾਰ ਨੇ ਕਈ ਸਰਹੱਦੀ ਲਾਂਘਿਆਂ ਨੂੰ ਸੀਮਤ ਰਾਹਤ ਸਮੱਗਰੀ ਭੇਜਣ ਲਈ ਖੋਲ੍ਹਿਆ ਹੈ ਪਰ ਇਹ ਬਹੁਤ ਘੱਟ ਹੈ। -ਏਪੀ
ਜੰਗ ਕਾਰਨ ਬੱਚਿਆਂ ਦਾ ਭਵਿੱਖ ਹਨੇਰੇ ’ਚ
ਖ਼ਾਨ ਯੂਨਿਸ: ਗਾਜ਼ਾ ’ਚ ਜੰਗ ਕਾਰਨ ਬੱਚਿਆਂ ਦਾ ਭਵਿੱਖ ਹਨੇਰੇ ’ਚ ਹੈ। ਉਨ੍ਹਾਂ ਨੂੰ ਜਦੋਂ ਸਕੂਲ ਜਾਣਾ ਚਾਹੀਦਾ ਹੈ ਤਾਂ ਉਹ ਡਿੱਗੀਆਂ ਇਮਾਰਤਾਂ ਦੇ ਮਲਬੇ ’ਚੋਂ ਵਸਤਾਂ ਲੱਭ ਕੇ ਵੇਚਦੇ ਹਨ। ਗਾਜ਼ਾ ’ਚ ਸਕੂਲ ਬੰਦ ਹੋਏ ਨੂੰ ਦੂਜਾ ਵਰ੍ਹਾ ਸ਼ੁਰੂ ਹੋ ਗਿਆ ਹੈ ਅਤੇ ਜ਼ਿਆਦਾਤਰ ਬੱਚੇ ਰੋਜ਼ੀ-ਰੋਟੀ ਲਈ ਆਪਣੇ ਪਰਿਵਾਰਾਂ ਦੀ ਸਹਾਇਤਾ ਕਰ ਰਹੇ ਹਨ। ਯੂਨੀਸੈੱਫ ਦੀ ਖੇਤਰੀ ਤਰਜਮਾਨ ਟੇਸ ਇਨਗ੍ਰਾਮ ਨੇ ਕਿਹਾ ਕਿ ਸਿੱਖਿਆ ਨਾ ਮਿਲਣ ਕਾਰਨ ਗਾਜ਼ਾ ’ਚ ਬੱਚਿਆਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਗਾਜ਼ਾ ’ਚ 90 ਫ਼ੀਸਦੀ ਤੋਂ ਜ਼ਿਆਦਾ ਸਕੂਲ ਇਮਾਰਤਾਂ ਇਜ਼ਰਾਇਲੀ ਬੰਬਾਰੀ ਕਾਰਨ ਤਬਾਹ ਹੋ ਚੁੱਕੀਆਂ ਹਨ ਅਤੇ ਕਈਆਂ ’ਚ ਰਾਹਤ ਕੈਂਪ ਚੱਲ ਰਹੇ ਹਨ। -ਏਪੀ