ਯੇਰੂਸ਼ਲਮ, 7 ਨਵੰਬਰ
ਇਜ਼ਰਾਇਲੀ ਸੰਸਦ ਨੇ ਅੱਜ ਕਾਨੂੰਨ ਪਾਸ ਕੀਤਾ ਹੈ, ਜਿਸ ਰਾਹੀਂ ਫਲਸਤੀਨੀ ਹਮਲਾਵਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਜੰਗ ਪ੍ਰਭਾਵਿਤ ਗਾਜ਼ਾ ਪੱਟੀ ਜਾਂ ਹੋਰ ਥਾਵਾਂ ’ਤੇ ਡਿਪੋਰਟ ਕੀਤਾ ਜਾ ਸਕੇਗਾ।
ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਲਿਕੁਡ ਪਾਰਟੀ ਅਤੇ ਉਨ੍ਹਾਂ ਦੇ ਧੁਰ ਸੱਜੇ ਪੱਖੀ ਭਾਈਵਾਲਾਂ ਦੇ ਮੈਂਬਰਾਂ ਨੇ ਇਸ ਬਿੱਲ ਨੂੰ 41 ਦੇ ਮੁਕਾਬਲੇ 61 ਵੋਟਾਂ ਨਾਲ ਪਾਸ ਕਰ ਦਿੱਤਾ। ਉਂਝ ਇਸ ਨੂੰ ਅਦਾਲਤ ’ਚ ਚੁਣੌਤੀ ਦਿੱਤੇ ਜਾਣ ਦੀ ਸੰਭਾਵਨਾ ਹੈ। ਇਹ ਕਾਨੂੰਨ ਇਜ਼ਰਾਈਲ ਦੇ ਫਲਸਤੀਨੀ ਨਾਗਰਿਕਾਂ ਅਤੇ ਪੂਰਬੀ ਯੇਰੂਸ਼ਲਮ ਦੇ ਵਸਨੀਕਾਂ ’ਤੇ ਲਾਗੂ ਹੋਵੇਗਾ, ਜੋ ਪਹਿਲਾਂ ਤੋਂ ਜਾਣਦੇ ਸਨ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਮਲੇ ਕਰ ਸਕਦੇ ਹਨ। ਉਨ੍ਹਾਂ ਨੂੰ 7 ਤੋਂ 20 ਸਾਲਾਂ ਲਈ ਗਾਜ਼ਾ ਪੱਟੀ ਜਾਂ ਹੋਰ ਥਾਵਾਂ ’ਤੇ ਡਿਪੋਰਟ ਕੀਤਾ ਜਾਵੇਗਾ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਪੱਛਮੀ ਕੰਢੇ ’ਚ ਲਾਗੂ ਹੋਵੇਗਾ ਜਾਂ ਨਹੀਂ ਜਿਥੇ ਇਜ਼ਰਾਈਲ ਹਮਲਾਵਰਾਂ ਦੇ ਪਰਿਵਾਰਾਂ ਦੇ ਘਰਾਂ ਨੂੰ ਤਬਾਹ ਕਰਨ ਦੀ ਨੀਤੀ ’ਤੇ ਕੰਮ ਕਰ ਰਿਹਾ ਹੈ। ਇਜ਼ਰਾਈਲ ਡੈਮੋਕਰੇਸੀ ਇਸੰਟੀਚਿਊਟ ਦੇ ਸੀਨੀਅਰ ਰਿਸਰਚਰ ਅਤੇ ਇਜ਼ਰਾਇਲੀ ਫੌਜ ਦੇ ਸਾਬਕਾ ਕੌਮਾਂਤਰੀ ਕਾਨੂੰਨੀ ਮਾਹਿਰ ਡਾਕਟਰ ਏਰਾਨ ਸ਼ਾਮਿਰ ਬੋਰੇਰ ਨੇ ਕਿਹਾ ਕਿ ਜੇ ਇਸ ਕਾਨੂੰਨ ਨੂੰ ਸਿਖਰਲੀ ਅਦਾਲਤ ’ਚ ਚੁਣੌਤੀ ਦਿੱਤੀ ਜਾਂਦੀ ਹੈ ਤਾਂ ਦੇਸ਼ ਨਿਕਾਲੇ ਸਬੰਧੀ ਇਜ਼ਰਾਈਲ ਦੇ ਪਹਿਲਾਂ ਦੇ ਕੇਸਾਂ ਦੇ ਆਧਾਰ ’ਤੇ ਇਸ ਨੂੰ ਖਾਰਜ ਕੀਤੇ ਜਾਣ ਦੀ ਸੰਭਾਵਨਾ ਹੈ। ਉਧਰ ਇਜ਼ਰਾਈਲ ਨੇ ਅਮਰੀਕੀ ਏਰੋਸਪੇਸ ਦਿੱਗਜ ਬੋਇੰਗ ਤੋਂ 25 ਐੱਫ-15 ਲੜਾਕੂ ਜੈੱਟ 5.2 ਅਰਬ ਡਾਲਰ ’ਚ ਖ਼ਰੀਦਣ ਦਾ ਸਮਝੌਤਾ ਕੀਤਾ ਹੈ। ਇਸ ਦੌਰਾਨ ਇਜ਼ਰਾਈਲ ਨੇ ਲਿਬਨਾਨ ਦੀ ਰਾਜਧਾਨੀ ਬੈਰੂਤ ਦੇ ਬਾਹਰਵਾਰ ਪੈਂਦੇ ਇਲਾਕਿਆਂ ’ਚ ਅੱਜ ਤੜਕੇ ਹਮਲੇ ਕੀਤੇ। ਇਜ਼ਰਾਈਲ ਵੱਲੋਂ ਕੌਮਾਂਤਰੀ ਹਵਾਈ ਅੱਡੇ ਕੋਲ ਵੀ ਹਵਾਈ ਹਮਲੇ ਕੀਤੇ ਗਏ ਹਨ। ਇਜ਼ਰਾਇਲੀ ਫੌਜ ਨੇ ਇਲਾਕੇ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਸਨ। ਉਸ ਦਾ ਦਾਅਵਾ ਹੈ ਕਿ ਉਨ੍ਹਾਂ ’ਚ ਹਿਜ਼ਬੁੱਲਾ ਨੇ ਟਿਕਾਣੇ ਬਣਾਏ ਹੋਏ ਹਨ। -ਏਪੀ