ਦੀਰ ਅਲ-ਬਲਾਹ, 23 ਅਕਤੂਬਰ
ਇਜ਼ਰਾਈਲ ਦੇ ਲੜਾਕੂ ਜਹਾਜ਼ਾਂ ਨੇ ਅੱਜ ਤੜਕੇ ਗਾਜ਼ਾ ਦੇ ਵੱਖ-ਵੱਖ ਇਲਾਕਿਆਂ ਵਿੱਚ ਹਮਲੇ ਕੀਤੇ। ਇਸ ਵਿੱਚ ਉਹ ਖੇਤਰ ਵੀ ਸ਼ਾਮਲ ਹਨ, ਜਿੱਥੇ ਫਲਸਤੀਨੀ ਨਾਗਰਿਕਾਂ ਨੂੰ ਪਨਾਹ ਲੈਣ ਲਈ ਕਿਹਾ ਗਿਆ ਸੀ। ਫਲਸਤੀਨ ਦੇ ਹਮਾਸ ਸ਼ਾਸਤ ਖੇਤਰ ਵਿੱਚ ਮਨੁੱਖੀ ਸਹਾਇਤਾ ਦੀ ਇੱਕ ਹੋਰ ਖੇਪ ਲਿਜਾਣ ਦੀ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ ਇਹ ਹਮਲਾ ਹੋਇਆ। ਮੰਨਿਆ ਜਾ ਰਿਹਾ ਹੈ ਕਿ ਇਜ਼ਰਾਈਲ 7 ਅਕਤੂਬਰ ਨੂੰ ਹਮਾਸ ਦੇ ਅਚਾਨਕ ਹਮਲੇ ਦੇ ਜਵਾਬ ‘ਚ ਗਾਜ਼ਾ ‘ਚ ਜ਼ਮੀਨੀ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਸਰਹੱਦ ‘ਤੇ ਟੈਂਕ ਅਤੇ ਹਜ਼ਾਰਾਂ ਫ਼ੌਜੀ ਤਾਇਨਾਤ ਕੀਤੇ ਗਏ ਹਨ।