ਲੰਡਨ, 15 ਅਪਰੈਲ
ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਮੁਖੀ ਇਮਰਾਨ ਖਾਨ ਦੀ ਪਹਿਲੀ ਪਤਨੀ ਜੇਮਿਮਾ ਗੋਲਡਸਮਿਥ ਨੇ ਅੱਜ ਦੱਸਿਆ ਕਿ ਪੀਐੱਮਐੱਲ-ਐੱਨ ਸਮਰਥਕਾਂ ਵੱਲੋਂ ਉਸ ਦੇ ਲੰਡਨ ਦੇ ਘਰ ਬਾਹਰ ਪ੍ਰਦਰਸ਼ਨ ਕਰਨ ਦੇ ਐਲਾਨ ਤੋਂ ਬਾਅਦ ਉਸ ਨੂੰ ਮਹਿਸੂਸ ਹੋਇਆ ਕਿ 1990 ਦੇ ਦਹਾਕੇ ਦਾ ਪੁਰਾਣਾ ਪਾਕਿਸਤਾਨ ਵਾਪਸ ਆ ਗਿਆ ਹੈ। ਇਮਰਾਨ ਖਾਨ ਦੀ ਪਾਰਟੀ ਪੀਟੀਆਈ ਦੇ ਕਾਰਕੁਨ ਪਿਛਲੇ ਇੱਕ ਹਫ਼ਤੇ ਤੋਂ ਨਵਾਜ਼ ਸ਼ਰੀਫ਼ ਦੇ ਲੰਡਨ ਵਿਚਲੇ ਘਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ। ਇਸ ਤੋਂ ਬਾਅਦ ਨਵਾਜ ਸਮਰਥਕਾਂ ਨੇ ਵੀ ਐਲਾਨ ਕੀਤਾ ਹੈ ਕਿ ਉਹ ਵੀ ਜੇਮਿਮਾ ਦੇ ਘਰ ਦੇ ਬਾਹਰ 17 ਅਪਰੈਲ ਨੂੰ ਵਿਰੋਧ ਪ੍ਰਦਰਸ਼ਨ ਕਰਨਗੇ।
ਜੇਮਿਮਾ ਨੇ ਟਵੀਟ ਕਰ ਕੇ ਕਿਹਾ ਕਿ ਉਸ ਦੇ ਘਰ ਦੇ ਬਾਹਰ ਵਿਰੋਧ ਪ੍ਰਦਰਸ਼ਨ, ਉਸ ਦੇ ਬੱਚਿਆਂ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ ਜਦਕਿ ਉਸ ਦਾ ਪਾਕਿਸਤਾਨ ਦੀ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ। ਉਸ ਨੇ ਟਵੀਟ ਕਰਦਿਆਂ ਇਮਰਾਨ ਖਾਨ ਖਿਲਾਫ 17 ਅਪਰੈਲ ਨੂੰ ਲੰਡਨ ਦੇ ਉਸ ਦੇ ਘਰ ਦੇ ਬਾਹਰ ਹੋਣ ਵਾਲੇ ਪ੍ਰਦਰਸ਼ਨ ਦਾ ਇੱਕ ਪੋਸਟਰ ਵੀ ਸਾਂਝਾ ਕੀਤਾ ਹੈ।