ਗੁਰਪ੍ਰੀਤ ਸਿੰਘ ਕਾਹਲੋਂ
ਪੈਰਿਸ, 6 ਸਤੰਬਰ
ਜੰਮੂ ਕਸ਼ਮੀਰ ਵਿੱਚ ਨਵੀਆਂ ਹੱਦਬੰਦੀਆਂ ਤੋਂ ਬਾਅਦ ਸਰਕਾਰੀ ਭਾਸ਼ਾਵਾਂ ਨੂੰ ਲਾਗੂ ਕਰਨ ਵੇਲੇ ਪੰਜਾਬੀ ਭਾਸ਼ਾ ਨੂੰ ਦਰਕਿਨਾਰ ਕਰਨ ’ਤੇ ਸਿੱਖ ਆਰਗੇਨਾਈਜ਼ੇਸ਼ਨ ਫਰਾਂਸ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਜਥੇਬੰਦੀ ਦੇ ਦਲਵਿੰਦਰ ਸਿੰਘ ਘੁੰਮਣ ਅਤੇ ਜਸਪਾਲ ਸਿੰਘ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਭਾਰਤ ਸਰਕਾਰ ਨੇ ਵਿਤਕਰੇ ਵਾਲੀ ਭਾਵਨਾ ਅਤੇ ਮਨਸ਼ਾ ਨੂੰ ਉਜਾਗਰ ਕੀਤਾ ਹੈ।
ਊਨ੍ਹਾਂ ਕਿਹਾ ਕਿ ਖਿੱਤੇ ਵਿੱਚ ਪੰੰਜਾਬੀਆਂ ਦੀ ਵੱਡੀ ਗਿਣਤੀ ਹੈ ਪਰ ਪੰਜਾਬ ਸਰਕਾਰ ਅਤੇ ਭਾਸ਼ਾ ਵਿਭਾਗ ਚਿੰਤਾਮੁਕਤ ਹੋ ਕੇ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਊਨ੍ਹਾਂ ਮੁਤਾਬਕ ਗ੍ਰਹਿ ਮੰਤਰੀ ਰਹਿ ਚੁੱਕੇ ਰਾਜਨਾਥ ਸਿੰਘ ਨੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰੰਡੀਗੜ੍ਹ ਵਿੱਚ ਵੀ ਪੰਜਾਬੀ ਲਾਗੂ ਕਰਨ ਤੋ ਕੋਰੀ ਨਾਂਹ ਕਰ ਦਿੱਤੀ ਸੀ। ਊਨ੍ਹਾਂ ਦਾਅਵਾ ਕੀਤਾ ਕਿ ਘੱਟ ਗਿਣਤੀ ਭਾਸ਼ਾਵਾਂ ਨੂੰ ਖ਼ਤਮ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਇਸ ਮੌਕੇ ਤਲਵਿੰਦਰ ਸਿੰਘ ਮਾਵੀ, ਹਰਜਾਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਪੰਜਾਬੀ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬੀ ਬੋਲੀ ਨੂੰ ਜੰਮੂ ਕਸ਼ਮੀਰ ਵਿੱਚ ਲਾਗੂ ਕਰਾਉਣ ਲਈ ਭਾਰਤ ਸਰਕਾਰ ’ਤੇ ਦਬਾਅ ਬਣਾਉਣ ਲਈ ਅੱਗੇ ਆਉਣ।