ਵਿੱਕੀ ਬਟਾਲਾ
ਮਿਲਾਨ (ਇਟਲੀ), 12 ਅਗਸਤ
ਪਿਛਲੇ ਕਈ ਦਿਨਾਂ ਤੋਂ ਇਟਲੀ ਵਿੱਚ ਪੈ ਰਹੀ ਅੰਤਾਂ ਦੀ ਗਰਮੀ ਨੇ ਲੋਕ ਹਾਲੋਂ-ਬੇਹਾਲ ਕਰ ਦਿੱਤੇ ਹਨ। ਬੀਤੇ ਦਿਨ ਯੂਰਪ ਵਿੱਚੋਂ ਇਟਲੀ ਵਿੱਚ ਸਭ ਤੋਂ ਵੱਧ ਤਾਪਮਾਨ (48.8 ਡਿਗਰੀ ਸੈਲਸੀਅਸ) ਰਿਕਾਰਡ ਕੀਤਾ ਗਿਆ, ਜਿਸ ਕਾਰਨ ਇਟਲੀ ਦੇ 15 ਸ਼ਹਿਰਾਂ ਨੂੰ ਸ਼ੁੱਕਰਵਾਰ ਤੱਕ ਰੈੱਡ ਹੀਟਵੇਵ ਜ਼ੋਨ ਹੇਠ ਰੱਖਿਆ ਗਿਆ ਹੈ। ਇਨ੍ਹਾਂ ਸ਼ਹਿਰਾਂ ਵਿੱਚ ਬਾਰੀ, ਬਲੋਨੀਆ, ਬੋਲਜ਼ਾਨੋ, ਬ੍ਰੈਸੀਆ, ਕਾਲੇਰੀ, ਕੰਪੋਬਾਸੋ, ਫਿਰੈਂਸੇ, ਫਰੋਸੀਨੋਨੇ, ਲਤੀਨਾ ਪਲੇਰਮੋ, ਪੂਲੀਆ, ਰੀਏਤੀ, ਰੋਮ, ਤਰੀਸਤੇ ਤੇ ਵਤੈਰਬੋ ਸ਼ਾਮਲ ਹਨ। ਮੌਸਮ ਵਿਗਿਆਨੀ ਮੈਨੁਅਲ ਮਾਜ਼ੋਲੇਨੀ ਨੇ ਕਿਹਾ, ‘ਪ੍ਰਾਪਤ ਅੰਕੜਿਆਂ ਨੂੰ ਵੇਖਣ ਤੋਂ ਸਪੱਸ਼ਟ ਹੁੰਦਾ ਹੈ ਕਿ ਯੂਰਪੀ ਮਹਾਦੀਪ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਇਟਲੀ ਦੇ ਸ਼ਹਿਰ ਸਿਸਲੀ ਵਿੱਚ 48.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜਦਕਿ ਯੂਰਪੀ ਦੇਸ਼ ਯੂਨਾਨ ਦੀ ਰਾਜਧਾਨੀ ਏਥਨਜ਼ ਵਿੱਚ 10 ਜੁਲਾਈ 1977 ’ਚ 48 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ। ਲੋਕਾਂ ਨੇ ਅੱਤ ਦੀ ਗਰਮੀ ਤੋਂ ਰਾਹਤ ਪਾਉਣ ਲਈ ਸਮੁੰਦਰੀ ਕਿਨਾਰਿਆਂ, ਝੀਲਾਂ ਅਤੇ ਝਰਨਿਆਂ ਵੱਲ ਰੁਖ਼ ਕੀਤਾ ਹੋਇਆ ਹੈ। ਇਟਲੀ ਦੇ ਸਿਹਤ ਮੰਤਰਾਲੇ ਨੇ ਆਮ ਲੋਕਾਂ ਨੂੰ ਗਰਮੀ ਤੋਂ ਕੋਈ ਖਤਰਾ ਨਹੀਂ ਦੱਸਿਆ ਸਗੋਂ ਬਜ਼ੁਰਗਾਂ ਤੇ ਕਮਜ਼ੋਰ ਲੋਕਾਂ ਨੂੰ ਘਰੋ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ।