* ਦੋ ਸਾਲ ਪਹਿਲਾਂ ਲਿਬਰਲ ਪਾਰਟੀ ਨਾਲ ਕੀਤਾ ‘ਸਪਲਾਈ ਤੇ ਰਾਜ਼ਦਾਰੀ’ ਸਮਝੌਤਾ ਰੱਦ
ਓਟਵਾ, 5 ਸਤੰਬਰ
ਨਿਊ ਡੈਮੋਕਰੈਟਿਕ ਪਾਰਟੀ (ਐੱਨਡੀਪੀ) ਆਗੂ ਜਗਮੀਤ ਸਿੰਘ ਵੱਲੋਂ ਹਮਾਇਤ ਵਾਪਸ ਲੈਣ ਨਾਲ ਕੈਨੇਡਾ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਸੰਕਟ ਵਿਚ ਘਿਰ ਗਈ ਹੈ। ਐੱਨਡੀਪੀ ਆਗੂ ਨੇ ਟਰੂਡੋ ਸਰਕਾਰ ਨਾਲ ਕੀਤੇ ਸਪਲਾਈ ਤੇ ਰਾਜ਼ਦਾਰੀ ਸਮਝੌਤੇ ਨੂੰ ਖ਼ਤਮ ਕਰ ਦਿੱਤਾ ਹੈ। ਜਗਮੀਤ ਸਿੰਘ ਨੇ ਦੋਸ਼ ਲਾਇਆ ਕਿ ਲਿਬਰਲਜ਼ ‘ਬਹੁਤ ਕਮਜ਼ੋਰ, ਬਹੁਤ ਮਤਲਬੀ ਤੇ ਕਾਰਪੋਰੇਟ ਹਿੱਤਾਂ ਪ੍ਰਤੀ ਬਹੁਤ ਰਿਣੀ ਹੋ ਗਏ ਹਨ।’ ਲਿਬਰਲਜ਼ ਤੇ ਐੱਨਡੀਪੀ ਵਿਚਾਲੇ ਮਾਰਚ 2022 ਵਿਚ ਹੋਇਆ ਇਹ ਕਰਾਰ ਅਗਲੇ ਸਾਲ ਜੂਨ ਤੱਕ ਚੱਲਣਾ ਸੀ ਪਰ ਐੱਨਡੀਪੀ ਦੇ ਫੈਸਲੇ ਨਾਲ ਟਰੂਡੋ ਦੀ ਪਾਰਟੀ ਘੱਟਗਿਣਤੀ ਵਿਚ ਰਹਿ ਗਈ ਹੈ। ਐੱਨਡੀਪੀ ਦੇ ਮੌਜੂਦਾ ਸੰਸਦ ਵਿੱਚ 24 ਮੈਂਬਰ ਹਨ। ਜਗਮੀਤ ਸਿੰਘ ਨੇ 7 ਸਾਲ ਪਹਿਲਾਂ ਪਾਰਟੀ ਦੀ ਕਮਾਨ ਸੰਭਾਲੀ ਸੀ।
ਐੱਨਡੀਪੀ ਆਗੂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਾਂ ’ਤੇ ਪੋਸਟ ਕੀਤੀ ਵੀਡੀਓ ਵਿਚ ਇਹ ਦਾਅਵਾ ਵੀ ਕੀਤਾ ਕਿ ਟਰੂਡੋ ਨੇ ‘ਵਾਰ ਵਾਰ ਇਹ ਸਾਬਤ ਕੀਤਾ ਹੈ ਕਿ ਉਸ ਨੇ ਕਾਰਪੋਰੇਟਾਂ ਦੇ ਲਾਲਚ ਅੱਗੇ ਹਮੇਸ਼ਾ ਗੋਡੇ ਟੇਕੇ ਹਨ।’ ਉਨ੍ਹਾਂ ਨੇ ਬੁੱਧਵਾਰ ਨੂੰ ਐਕਸ ’ਤੇ ਪੋਸਟ ਵਿਚ ਕਿਹਾ, ‘ਸਮਝੌਤਾ ਹੁਣ ਖ਼ਤਮ ਹੋ ਗਿਆ ਹੈ। ਲਿਬਰਲਜ਼ ਬਹੁਤ ਕਮਜ਼ੋਰ, ਬਹੁਤ ਮਤਲਬੀ ਤੇ ਕਾਰਪੋਰੇਟ ਹਿੱਤਾਂ ਦੇ ਬਹੁਤ ਰਿਣੀ ਹਨ, ਜਿਸ ਕਰਕੇ ਉਹ ਕੰਜ਼ਰਵੇਟਿਵਜ਼ ਤੇ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਨਹੀਂ ਰੋਕ ਸਕਦੇ ਪਰ ਐੱਨਡੀਪੀ ਰੋਕ ਸਕਦੀ ਹੈ। ਵੱਡੇ ਕਾਰਪੋਰੇਟਾਂ ਤੇ ਸੀਈਓਜ਼ ਦੀਆਂ ਸਰਕਾਰਾਂ ਹੁੰਦੀਆਂ ਹੋਣਗੀਆਂ। ਇਹ ਲੋਕਾਂ ਦਾ ਸਮਾਂ ਹੈ।’ ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (ਸੀਬੀਸੀ ਨਿਊਜ਼) ਨੇ ਜਗਮੀਤ ਸਿੰਘ ਦੇ ਹਵਾਲੇ ਨਾਲ ਕਿਹਾ, ‘ਜਸਟਿਨ ਟਰੂਡੋ ਨੇ ਵਾਰ ਵਾਰ ਇਹ ਸਾਬਤ ਕੀਤਾ ਹੈ ਕਿ ਉਹ ਕਾਰਪੋਰੇਟਾਂ ਦੇ ਲਾਲਚ ਅੱਗੇ ਹਮੇਸ਼ਾ ਗੋਡੇ ਟੇਕਣਗੇ। ਲਿਬਰਲਜ਼ ਨੇ ਲੋਕਾਂ ਨੂੰ ਕਮਜ਼ੋਰ ਕੀਤਾ ਹੈ। ਉਹ ਕੈਨੇਡੀਅਨਾਂ ਕੋਲੋਂ ਇਕ ਹੋਰ ਮੌਕੇ ਦੇ ਹੱਕਦਾਰ ਨਹੀਂ ਹਨ।’ ਉਨ੍ਹਾਂ ਕਿਹਾ ਕਿ ਲਿਬਰਲਜ਼ ਕਾਰਪੋਰੇਟਾਂ ਹਿੱਤਾਂ ਲਈ ਨਹੀਂ ਖੜ੍ਹੇ ਹੋਣਗੇ ਤੇ ਉਹ ‘ਕੰਜ਼ਰਵੇਟਿਵ ਕੱਟਾਂ ਨੂੰ ਰੋਕਣ ਲਈ’ ਅਗਲੀਆਂ ਚੋਣਾਂ ਵਿਚ ਖੜ੍ਹੇਗਾ।
ਐੱਨਡੀਪੀ ਤਰਜਮਾਨ ਨੇ ਸੀਬੀਸੀ ਨੂੰ ਦੱਸਿਆ ਕਿ ਸਮਝੌਤਾ ਰੱਦ ਕਰਨ ਦਾ ਅਮਲ ਪਿਛਲੇ ਦੋ ਹਫ਼ਤਿਆਂ ਤੋਂ ਚੱਲ ਰਿਹਾ ਸੀ ਪਰ ਲਿਬਰਲ ਸਰਕਾਰ ਨੂੰ ਜਗਮੀਤ ਸਿੰਘ ਦਾ ਵੀਡੀਓ ਆਨਲਾਈਨ ਲਾਈਵ ਹੋਣ ਤੋਂ ਕੁਝ ਮਿੰਟ ਪਹਿਲਾਂ ਇਸ ਫੈਸਲੇ ਬਾਰੇ ਦੱਸਿਆ ਗਿਆ। ਉਨ੍ਹਾਂ ਨੇ ਆਪਣੀ ਵੀਡੀਓ ਨਾਲ ਜਾਰੀ ਮੀਡੀਆ ਰਿਲੀਜ਼ ਵਿਚ ਕਿਹਾ, ‘ਐੱਨਡੀਪੀ ਚੋਣਾਂ ਲਈ ਤਿਆਰ ਹੈ ਤੇ ਬੇਭਰੋੋਸਗੀ ਮਤੇ ਨੂੰ ਸਦਨ ਵਿਚ ਰੱਖਿਆ ਜਾਵੇਗਾ।’ ਦੋਵਾਂ ਪਾਰਟੀਆਂ ਲਿਬਰਲਜ਼ ਤੇ ਐੱਨਡੀਪੀ ਵਿਚਾਲੇ ਮਾਰਚ 2022 ਵਿਚ ਉਪਰੋਕਤ ਸਮਝੌਤਾ ਇਸ ਸ਼ਰਤ ’ਤੇ ਹੋਇਆ ਸੀ ਕਿ ਟਰੂਡੋ ਸਰਕਾਰ ਐੱਨਡੀਪੀ ਦੀਆਂ ਵਿਧਾਨਕ ਵਚਨਬੱਧਤਾਵਾਂ ਨੂੰ ਤਰਜੀਹੀ ਅਧਾਰ ’ਤੇ ਪੂਰਾ ਕਰੇਗੀ ਤੇ ਬਦਲੇ ਵਿਚ ਐੱਨਡੀਪੀ ਵੱਲੋਂ ਵਿਸ਼ਵਾਸ ਮੱਤ ਦੌਰਾਨ ਲਿਬਰਲ ਸਰਕਾਰ ਦੀ ਹਮਾਇਤ ਕੀਤੀ ਜਾਵੇਗੀ। -ਪੀਟੀਆਈ
ਐੱਨਡੀਪੀ ਆਗੂ ‘ਸੈੱਲਆਊਟ ਸਿੰਘ’ ਦਾ ਐਲਾਨ ‘ਮੀਡੀਆ ਸਟੰਟ’: ਪੋਲੀਵਰ
ਕੰਜ਼ਰਵੇਟਿਵ ਪਾਰਟੀ ਆਫ਼ ਕੈਨੇਡਾ (ਸੀਪੀਸੀ) ਦੇ ਆਗੂ ਪੀਅਰੇ ਪੋਲੀਵਰ ਨੇ ਐੱਨਡੀਪੀ ਆਗੂ ਨੂੰ ‘ਸੈੱਲਆਊਟ ਸਿੰਘ’ ਕਰਾਰ ਦਿੰਦਿਆਂ ਜਗਮੀਤ ਸਿੰਘ ਵੱਲੋਂ ਵੀਡੀਓ ਵਿਚ ਕੀਤੇ ਐਲਾਨ ਨੂੰ ਮਹਿਜ਼ ‘ਮੀਡੀਆ ਸਟੰਟ’ ਦੱਸਿਆ। ਪੋਲੀਵਰ ਨੇ ਕਿਹਾ, ‘ਦੋ ਸਾਲ ਪਹਿਲਾਂ ਸੈੱਲਆਊਟ ਸਿੰਘ ਨੇ ਵਰਕਰਾਂ ਨੂੰ ਵੇਚ ਕੇ ਜਸਟਿਸ ਟਰੂਡੋ ਨਾਲ ਮਹਿੰਗੇ ਗੱਠਜੋੜ ’ਤੇ ਸਹੀ ਪਾਈ ਸੀ, ਜਿਸ ਨੇ ਟੈਕਸ ਵਧਾਏ, ਖੁਰਾਕੀ ਵਸਤਾਂ ਦੀਆਂ ਕੀਮਤਾਂ ਅਸਮਾਨੀ ਪਹੁੰਚਾ ਦਿੱਤੀਆਂ, ਹਾਊਸਿੰਗ ਲਾਗਤ ਦੁੱਗਣੀ ਕਰ ਦਿੱਤੀ ਤੇ ਕਦੇ ਸੁਰੱਖਿਅਤ ਮੰਨੀਆਂ ਜਾਂਦੀਆਂ ਸਾਡੀਆਂ ਸੜਕਾਂ ’ਤੇ ਅਪਰਾਧ ਤੇ ਅਫ਼ਰਾ-ਤਫ਼ਰੀ ਫੈਲਾ ਦਿੱਤੀ।’ ਕੰਜ਼ਰਵੇਟਿਵ ਆਗੂ ਨੇ ਕਿਹਾ ਕਿ ਅੱਜ ਦੇ ਮੀਡੀਆ ਸਟੰਟ ਵਿਚ ਸੈੱਲਆਊਟ ਸਿੰਘ ਨੇ ਇਹ ਨਹੀਂ ਦੱਸਿਆ ਕਿ ਕੀ ਐੱਨਡੀਪੀ ਬੇਭਰੋਸਗੀ ਲਈ ਵੋਟ ਪਾਏਗੀ ਜਾਂ ਨਹੀਂ।
ਮੱਧਕਾਲੀ ਚੋਣਾਂ ਦੀ ਨੌਬਤ ਨਹੀਂ ਆਏਗੀ: ਟਰੂਡੋ
ਐੱਨਡੀਪੀ ਆਗੂ ਦੇ ਐਲਾਨ ਮਗਰੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੂਰੇ ਭਰੋਸੇ ਨਾਲ ਕਿਹਾ ਕਿ ਮੱਧਕਾਲੀ ਚੋਣਾਂ ਦੀ ਨੌਬਤ ਨਹੀਂ ਆਏਗੀ ਤੇ ਇਹ ਸਮੇਂ ’ਤੇ ਹੀ ਹੋਣਗੀਆਂ। ਉਨ੍ਹਾਂ ਕਿਹਾ ਕਿ ਕਾਨੂੰਨੀ ਮਾਹਿਰਾਂ ਵਲੋਂ ਨੁਕਤੇ ਲੱਭੇ ਜਾ ਰਹੇ ਹਨ ਤਾਂ ਕਿ ਮੱਧਾਕਾਲੀ ਚੋਣਾਂ ਟਾਲੀਆਂ ਜਾ ਸਕਣ। ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਸਾਰਾ ਧਿਆਨ ਇਸ ਵੇਲੇ ਸਮਰੱਥਾ ਸੰਕਟ ਤੇ ਵਾਤਾਵਰਨ ਤਬਦੀਲੀ ਨਾਲ ਸਿੱਝਣ ਵੱਲ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਇਹ ਉਹ ਚੀਜ਼ਾਂ ਹਨ, ਜਿਨ੍ਹਾਂ ’ਤੇ ਸਾਡਾ ਧਿਆਨ ਕੇਂਦਰਤ ਹੈ। ਮੈਂ ਹੋਰਨਾਂ ਨੂੰ ਸਿਆਸਤ ਵੱਲ ਧਿਆਨ ਦੇਣ ਦੇਵਾਂਗਾ।’ ਸੀਬੀਸੀ ਨਿਊਜ਼ ਨੇ ਟਰੂਡੋ ਦੇ ਹਵਾਲੇ ਨਾਲ ਕਿਹਾ, ‘ਮੈਂ ਉਮੀਦ ਕਰਦਾ ਹਾਂ ਕਿ ਸਿਆਸਤ ’ਤੇ ਧਿਆਨ ਕੇਂਦਰਤ ਕਰਨ ਦੀ ਥਾਂ ਐੱਨਡੀਪੀ ਆਪਣਾ ਸਾਰਾ ਧਿਆਨ ਇਸ ਪਾਸੇ ਲਾਏਗੀ ਕਿ ਅਸੀਂ ਕੈਨੇਡੀਅਨਾਂ ਲਈ ਕੀ ਕਰ ਸਕਦੇ ਹਾਂ, ਜਿਵੇਂ ਕਿ ਅਸੀਂ ਪਿਛਲੇ ਸਾਲਾਂ ਦੌਰਾਨ ਕਰਦੇ ਰਹੇ ਹਾਂ।’