ਬਰਲਿਨ, 19 ਫਰਵਰੀ
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਇੱਥੇ ਜਰਮਨੀ ਦੀ ਆਪਣੀ ਹਮਰੁਤਬਾ ਐਨਾਲੀਨਾ ਬੇਅਰਬੌਕ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਇਸ ਮੌਕੇ ਕਈ ਦੁਵੱਲੇ ਤੇ ਆਲਮੀ ਮੁੱਦਿਆਂ ’ਤੇ ਵਿਚਾਰ-ਚਰਚਾ ਕੀਤੀ ਜਿਨ੍ਹਾਂ ਵਿਚ ਹਿੰਦ-ਪ੍ਰਸ਼ਾਂਤ ਖੇਤਰ, ਯੂਕਰੇਨ ਤੇ ਅਫ਼ਗਾਨਿਸਤਾਨ ਦੇ ਮੁੱਦੇ ਸ਼ਾਮਲ ਸਨ। ਜੈਸ਼ੰਕਰ ਨੇ ਇਸੇ ਦੌਰਾਨ ਇਰਾਨ ਦੇ ਵਿਦੇਸ਼ ਮੰਤਰੀ ਐਚ. ਅਮੀਰਾਬਦੋਲਹੀਅਨ ਨਾਲ ਵੀ ਮੁਲਾਕਾਤ ਕੀਤੀ। ਦੋਵਾਂ ਨੇ ਦੁਵੱਲੇ ਆਰਥਿਕ ਸਹਿਯੋਗ, ਅਫ਼ਗਾਨਿਸਤਾਨ ਤੇ ਇਰਾਨ ਪ੍ਰਮਾਣੂ ਸਮਝੌਤੇ ਨੂੰ ਗੱਲਬਾਤ ਦਾ ਕੇਂਦਰ ਬਣਾਇਆ। ਜੈਸ਼ੰਕਰ ਮਿਊਨਿਖ ਸੁਰੱਖਿਆ ਕਾਨਫਰੰਸ ਵਿਚ ਹਿੱਸਾ ਲੈਣ ਲਈ ਸ਼ੁੱਕਰਵਾਰ ਜਰਮਨੀ ਪੁੱਜੇ ਸਨ। ਕਾਨਫਰੰਸ ਵਿਚ ਨਾਟੋ ਮੁਲਕਾਂ ਤੇ ਰੂਸ ਵਿਚਾਲੇ ਯੂਕਰੇਨ ਬਾਰੇ ਵੱਧ ਰਹੇ ਤਣਾਅ ’ਤੇ ਵਿਸਤਾਰ ਵਿਚ ਚਰਚਾ ਹੋਣ ਦੀ ਸੰਭਾਵਨਾ ਹੈ। ਇਕ ਟਵੀਟ ਵਿਚ ਜੈਸ਼ੰਕਰ ਨੇ ਕਿਹਾ ਕਿ ਜਰਮਨੀ ਦੇ ਵਿਦੇਸ਼ ਮੰਤਰੀ ਨਾਲ ਹੋਈ ਮੁਲਾਕਾਤ ’ਚ ਜਲਵਾਯੂ ਤਬਦੀਲੀ ਬਾਰੇ ਚੁੱਕੇ ਜਾ ਰਹੇ ਕਦਮਾਂ ਬਾਰੇ ਵੀ ਵਿਚਾਰ-ਚਰਚਾ ਹੋਈ। ਕਾਨਫਰੰਸ ਦੌਰਾਨ ਜੈਸ਼ੰਕਰ ਹਿੰਦ-ਪ੍ਰਸ਼ਾਂਤ ਖੇਤਰ ਬਾਰੇ ਇਕ ਚਰਚਾ ਵਿਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਸਮਰਪਿਤ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਸਮਾਰੋਹ ਨੂੰ ਵੀ ਉਹ ਸੰਬੋੋਧਨ ਕਰਨਗੇ। ਇਸ ਸਮਾਗਮ ਦੀ ਮੇਜ਼ਬਾਨੀ ਭਾਰਤ ਦਾ ਮਿਊਨਿਖ ਵਿਚਲਾ ਦੂਤਾਵਾਸ ਤੇ ਅਬਜ਼ਰਵਰ ਰਿਸਰਚ ਫਾਊਂਡੇਸ਼ਨ ਕਰਨਗੇ। ਭਾਰਤ ਦੇ ਵਿਦੇਸ਼ ਮੰਤਰੀ ਨੇ ਸਲੋਵਾਨੀਆ, ਆਸਟਰੀਆ, ਸਾਊਦੀ ਅਰਬ, ਤੇ ਜਾਰਜੀਆ ਦੇ ਵਿਦੇਸ਼ ਮੰਤਰੀਆਂ ਨਾਲ ਵੀ ਮੁਲਾਕਾਤ ਕੀਤੀ। ਇਨ੍ਹਾਂ ਨਾਲ ਜੈਸ਼ੰਕਰ ਨੇ ਖੇਤਰੀ, ਕੌਮਾਂਤਰੀ ਅਤੇ ਦੁਵੱਲੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਭਾਰਤੀ ਵਿਦੇਸ਼ ਮੰਤਰੀ ਇਸ ਮੌਕੇ ਸਿੰਗਾਪੁਰ ਦੇ ਰੱਖਿਆ ਮੰਤਰੀ ਐਨਜੀ ਇੰਗ ਹੇਨ ਤੇ ਅਮਰੀਕਾ ਦੇ ਸਾਬਕਾ ਰੱਖਿਆ ਮੰਤਰੀ ਜੇਮਸ ਮੈਟਿਸ ਨੂੰ ਵੀ ਮਿਲੇ। -ਪੀਟੀਆਈ