ਕੋਲੰਬੋ, 7 ਜਨਵਰੀ
ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਸ੍ਰੀਲੰਕਾ ਵਿੱਚ ਤਾਮਿਲ ਲੀਡਰਸ਼ਿਪ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਕੌਮੀ ਸੁਲ੍ਹਾ-ਸਫ਼ਾਈ ਪ੍ਰੋਗਰਾਮ ਦੇ ਹਿੱਸੇ ਵਜੋਂ ਸੂਬਾਈ ਕੌਂਸਲਾਂ ਦੀ ਭੂਮਿਕਾ ਅਤੇ ਵਿਕਾਸ ਤੇ ਸਪੁਰਦਗੀ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਕੀਤੀ ਗਈ। ਤਾਮਿਲ ਆਗੂਆਂ ਨਾਲ ਇਹ ਮੀਟਿੰਗ ਇਸ ਲਈ ਵੀ ਅਹਿਮ ਹੈ ਕਿਉਂਕਿ ਸੱਤਾਧਾਰੀ ਸ੍ਰੀ ਲੰਕਾ ਪੀਪਲਜ਼ ਪਾਰਟੀ (ਐੱਸਐੱਲਪੀਪੀ) ਗੱਠਜੋੜ ਵਿਚਲੇ ਭਾਈਵਾਲਾਂ ਵੱਲੋਂ ਦੇਸ਼ ਵਿਚਲੇ ਸੂਬਾਈ ਕੌਂਸਲ ਪ੍ਰਬੰਧ ਦੇ ਖ਼ਾਤਮੇ ਲਈ ਜਨਤਕ ਮੁਹਿੰਮ ਚਲਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ। ਐੱਸਐੱਲਪੀਪੀ ਵਿਚਲੇ ਸਿੰਹਾਲਾ ਬਹੁਗਿਣਤੀ ਵਾਲੇ ਕੱਟੜਪੰਥੀ 1987 ਤੋਂ ਸਥਾਪਤ ਸੂਬਾਈ ਕੌਂਸਲ ਪ੍ਰਬੰਧ ਨੂੰ ਮੁਕੰਮਲ ਤੌਰ ’ਤੇ ਖ਼ਤਮ ਕਰਨ ਦੀ ਵਕਾਲਤ ਕਰ ਰਹੇ ਹਨ। ਲੰਕਾ ਵਿੱਚ ਨੌਂ ਸੂਬਾਈ ਕੌਂਸਲਾਂ ਹਨ।
ਜੈਸ਼ੰਕਰ ਨੇ ਮੀਟਿੰਗ ਉਪਰੰਤ ਕੀਤੇ ਟਵੀਟ ’ਚ ਕਿਹਾ, ‘ਤਿਰੂ ਸਮਪੰਤਨ ਦੀ ਅਗਵਾਈ ਵਾਲੇ ਟੀਐੇੱਨਏ ਵਫ਼ਦ ਨੂੰ ਮਿਲ ਕੇ ਖੁਸ਼ੀ ਹੋਈ। ਮੀਟਿੰਗ ’ਚ ਵਿਕਾਸ ਤੇ ਸਪੁਰਦਗੀ ਨਾਲ ਜੁੜੇ ਮੁੱਦਿਆਂ ਅਤੇ ਸੂਬਾਈ ਕੌਂਸਲਾਂ ਦੀ ਭੂਮਿਕਾ ’ਤੇ ਵਿਚਾਰ ਚਰਚਾ ਹੋਈ।’ ਤਾਮਿਲ ਨੈਸ਼ਨਲ ਅਲਾਇੰਸ (ਟੀਐੱਨਏ) ਇਸ ਟਾਪੂਨੁਮਾ ਮੁਲਕ ਵਿੱਚ ਮੁੱਖ ਤਾਮਿਲ ਪਾਰਟੀ ਹੈ। ਜੈਸ਼ੰਕਰ ਇਸ ਮੌਕੇ ਤਾਮਿਲ ਪ੍ਰਗਤੀਸ਼ੀਲ ਗੱਠਜੋੜ ਦੇ ਵਫ਼ਦ ਨੂੰ ਵੀ ਮਿਲੇ। ਜੈਸ਼ੰਕਰ ਸ੍ਰੀਲੰਕਾ ਦੇ ਆਪਣੇ ਹਮਰੁਤਬਾ ਦਿਨੇਸ਼ ਗੁਨਾਵਰਧਨਾ ਦੇ ਸੱਦੇ ’ਤੇ ਅੱਜ ਕੱਲ੍ਹ ਤਿੰਨ ਰੋਜ਼ਾ (5 ਤੋਂ 7 ਜਨਵਰੀ) ਫੇਰੀ ਤਹਿਤ ਕੋਲੰਬੋ ’ਚ ਹਨ। ਜੈਸ਼ੰਕਰ ਦੀ ਸਾਲ ਦੀ ਇਹ ਪਲੇਠੀ ਵਿਦੇਸ਼ ਫੇਰੀ ਹੈ।
-ਪੀਟੀਆਈ