ਨਵੀਂ ਦਿੱਲੀ: ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਭਲਕ ਤੋਂ ਸ੍ਰੀਲੰਕਾ ਦੇ ਤਿੰਨ ਦਿਨਾਂ ਦੌਰੇ ’ਤੇ ਜਾਣਗੇ। ਇਸ ਮੌਕੇ ਉਹ ਉੱਥੋਂ ਦੇ ਆਗੂਆਂ ਨਾਲ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਬਾਰੇ ਗੱਲਬਾਤ ਕਰਨਗੇ। ਵਿਦੇਸ਼ ਮੰਤਰਾਲੇ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਸ੍ਰੀ ਜੈਸ਼ੰਕਰ ਆਪਣੇ ਸ੍ਰੀਲੰਕਾਈ ਹਮਰੁਤਬਾ ਦਿਨੇਸ਼ ਗੁਣਾਵਰਧਨਾ ਵੱਲੋਂ ਮਿਲੇ ਸੱਦੇ ’ਤੇ 5 ਤੋਂ 7 ਜਨਵਰੀ ਤੱਕ ਉੱਥੋਂ ਦੇ ਦੌਰੇ ’ਤੇ ਜਾ ਰਹੇ ਹਨ। ਸਾਲ 2021 ਵਿੱਚ ਵਿਦੇਸ਼ ਮੰਤਰੀ ਵੱਲੋਂ ਕਿਸੇ ਬਾਹਰਲੇ ਮੁਲਕ ਦਾ ਇਹ ਪਹਿਲਾ ਦੌਰਾ ਹੋਵੇਗਾ ਜਦਕਿ ਸ੍ਰੀਲੰਕਾ ਵਿੱਚ ਨਵੇਂ ਸਾਲ ’ਚ ਕਿਸੇ ਵਿਦੇਸ਼ੀ ਮਹਿਮਾਨ ਵੱਲੋਂ ਕੀਤਾ ਜਾਣ ਵਾਲਾ ਵੀ ਇਹ ਪਹਿਲਾ ਦੌਰਾ ਹੋਵੇਗਾ। -ਪੀਟੀਆਈ