ਟੋਕੀਓ, 31 ਅਗਸਤ
ਜਾਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਨੇ ਕਿਹਾ ਹੈ ਕਿ ਹੁਕਮਰਾਨ ਧਿਰ ਯੂਨੀਫਿਕੇਸ਼ਨ ਚਰਚ ਨਾਲੋਂ ਆਪਣੇ ਸਬੰਧ ਤੋੜੇਗੀ। ਉਨ੍ਹਾਂ ਲੋਕਾਂ ਦਾ ਸਿਆਸਤ ਤੋਂ ਭਰੋਸਾ ਉੱਠਣ ਲਈ ਮੁਆਫ਼ੀ ਵੀ ਮੰਗੀ ਹੈ। ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੀ ਪਿਛਲੇ ਮਹੀਨੇ ਹੱਤਿਆ ਮਗਰੋਂ ਪਾਰਟੀ ਦੇ ਚਰਚ ਨਾਲ ਸਬੰਧਾਂ ਦੇ ਕਈ ਘੁਟਾਲੇ ਸਾਹਮਣੇ ਆ ਰਹੇ ਸਨ। ਕਿਸ਼ਿਦਾ ਦੀ ਲਬਿਰਲ ਡੈਮੋਕਰੈਟਿਕ ਪਾਰਟੀ ਦੇ ਮੈਂਬਰਾਂ ਅਤੇ ਦੱਖਣੀ ਕੋਰੀਆ ਦੀ ਚਰਚ ਨਾਲ ਸਬੰਧਾਂ ਦੇ ਕਈ ਖ਼ੁਲਾਸੇ ਹੋਏ ਹਨ। ਆਬੇ ਦੀ ਹੱਤਿਆ ਕਰਨ ਵਾਲੇ ਤੇਤਸੂਯਾ ਯਾਮਾਗਨੀ ਨੇ ਪੁਲੀਸ ਨੂੰ ਦੱਸਿਆ ਹੈ ਕਿ ਚਰਚ ਨਾਲ ਸਬੰਧਾਂ ਕਰਕੇ ਉਸ ਨੇ ਆਬੇ ਦੀ ਜਾਨ ਲਈ ਹੈ। ਯਾਮਾਗਨੀ ਨੇ ਕਿਹਾ ਕਿ ਚਰਚ ਨੂੰ ਉਸ ਦੀ ਮਾਂ ਵੱਲੋਂ ਦਿੱਤੇ ਗਏ ਦਾਨਾਂ ਕਰਕੇ ਉਸ ਦੀ ਜ਼ਿੰਦਗੀ ਬਰਬਾਦ ਹੋ ਗਈ ਸੀ। ਕਿਸ਼ਿਦਾ ਨੇ ਕਿਹਾ ਕਿ ਧਾਰਮਿਕ ਜਥੇਬੰਦੀਆਂ ਨੂੰ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਸਿਆਸਤਦਾਨਾਂ ਨੂੰ ਅਜਿਹੀਆਂ ਜਥੇਬੰਦੀਆਂ ਤੋਂ ਬਚ ਕੇ ਰਹਿਣਾ ਚਾਹੀਦਾ ਜਿਸ ਨਾਲ ਸਮਾਜਿਕ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ। ਉਨ੍ਹਾਂ ਦੇ ਕੈਬਨਿਟ ਸਾਥੀਆਂ ਤੇ ਹੋਰ ਅਹਿਮ ਅਹੁਦਿਆਂ ’ਤੇ ਬੈਠੇ ਆਗੂਆਂ ਨੇ ਚਰਚ ਨਾਲ ਸਬੰਧ ਤੋੜਨ ’ਤੇ ਸਹਿਮਤੀ ਪ੍ਰਗਟਾਈ ਹੈ। -ਏਪੀ