ਟੋਕੀਓ, 4 ਨਵੰਬਰ
ਜਪਾਨ ਨੇ ਸੂਚਨਾ ਇਕੱਤਰ ਕਰਨ ਤੇ ਫੌਜੀ ਅਪਰੇਸ਼ਨਾਂ ਲਈ ਨਵੇਂ ਐੱਚ3 ਰਾਕੇਟ ਦੀ ਮਦਦ ਨਾਲ ਰੱਖਿਆ ਉਪਗ੍ਰਹਿ ਲਾਂਚ ਕੀਤਾ ਹੈ। ਪੁਲਾੜ ਵਿਚ ਨਵਾਂ ਉਪਗ੍ਰਹਿ ਸਥਾਪਿਤ ਕਰਨ ਪਿੱਛੇ ਅਸਲ ਮੰਤਵ ਖਿੱਤੇ ਵਿਚ ਵਧਦੇ ਤਲਖ ਮਾਹੌਲ ਦਰਮਿਆਨ ਦੇਸ਼ ਦੀ ਫੌਜੀ ਸਮਰੱਥਾ ਨੂੰ ਵਿਕਸਤ ਕਰਨਾ ਹੈ। ਐੱਚ3 ਨੰ.4 ਰਾਕੇਟ ਨੇ ਦੱਖਣ-ਪੱਛਮੀ ਜਪਾਨੀ ਟਾਪੂ ਉੱਤੇ ਤਾਨੇਗਾਸ਼ਿਮਾ ਸਪੇਸ ਸੈਂਟਰ ਤੋਂ ਉਡਾਣ ਭਰੀ।
ਜਪਾਨ ਦੀ ਐਰੋਸਪੇਸ ਐਕਸਪਲੋਰੇਸ਼ਨ ਏਜੰਸੀ ਨੇ ਲਾਈਵਸਟ੍ਰੀਮ ਦੌਰਾਨ ਕਿਹਾ ਕਿ ਸਭ ਕੁਝ ਯੋਜਨਾ ਮੁਤਾਬਕ ਸਿਰੇ ਚੜ੍ਹਿਆ ਅਤੇ ਰਾਕੇਟ ਦੇ ਸਿਖਰ ਉੱਤੇ ਰੱਖਿਆ ਉਪਗ੍ਰਹਿ (ਰਾਕੇਟ ਦੇ) ਉਡਾਣ ਭਰਨ ਤੋਂ ਅੱਧੇ ਘੰਟੇ ਬਾਅਦ ਸਫ਼ਲਤਾ ਨਾਲ ਵੱਖ ਹੋ ਗਿਆ। ਏਜੰਸੀ ਨੇ ਕਿਹਾ ਕਿ ਬਾਕੀ ਤਫ਼ਸੀਲ ਜਲਦੀ ਮੁਹੱਈਆ ਕੀਤੀ ਜਾਵੇਗੀ। ਰਾਕੇਟ ਆਪਣੇ ਨਾਲ ਰੱਖਿਆ ਮੰਤਰਾਲੇ ਦਾ ਉਪਗ੍ਰਹਿ ਕਿਰਾਮੇਕੀ ਨੰ.3 ਲੈ ਕੇ ਗਿਆ, ਜੋ ਉੱਤਰੀ ਕੋਰੀਆ ਦੀ ਮਿਜ਼ਾਈਲ ਸਰਗਰਮੀਆਂ ਦੇ ਸੰਕੇਤਾਂ ਤੋਂ ਇਲਾਵਾ ਫ਼ੌਜੀ ਅਪਰੇਸ਼ਨਾਂ ਤੇ ਗੁਪਤ ਸਰਵੇਖਣ (ਜਾਸੂਸੀ) ਲਈ ਐਕਸ-ਬੈਂਡ ਸੰਚਾਰ ਦੀ ਵਰਤੋਂ ਕਰੇਗਾ। ਦੱਸ ਦੇਈਏ ਕਿ ਐਕਸ-ਬੈਂਡ ਉਪਗ੍ਰਹਿ ਉੱਤੇ ਮੌਸਮੀ ਹਾਲਾਤ ਦਾ ਬਹੁਤ ਘੱਟ ਅਸਰ ਪੈਂਦਾ ਹੈ ਤੇ ਇਹ ਸਥਿਰ ਸੰਚਾਰ ਨੂੰ ਸਪੋਰਟ ਕਰਨ ਦੇ ਸਮਰੱਥ ਹੈ। ਦੋ ਐਕਸ-ਬੈਂਡ ਉਪਗ੍ਰਹਿ ਪਹਿਲਾਂ ਹੀ ਪੁਲਾੜ ਵਿਚ ਕੰਮ ਕਰ ਰਹੇ ਹਨ। ਅੱਜ ਲਾਂਚ ਕੀਤਾ ਉਪਗ੍ਰਹਿ ਪਹਿਲਾਂ 20 ਅਕਤੂਬਰ ਨੂੰ ਪੁਲਾੜ ਵਿਚ ਛੱਡਿਆ ਜਾਣਾ ਸੀ ਪਰ ਤਕਨੀਕੀ ਨੁਕਸ ਤੇ ਖਰਾਬ ਮੌਸਮ ਕਰਕੇ ਚਾਰ ਵਾਰ ਉਡਾਣ ਮੁਲਤਵੀ ਕਰਨੀ ਪਈ ਸੀ। -ਏਪੀ