ਸ਼ਿਕਾਗੋ: ਅਮਰੀਕਾ ਤੋਂ ਛਪਦੇ ਹਫ਼ਤਾਵਾਰੀ ਪਰਚੇ ‘ਪੰਜਾਬ ਟਾਈਮਜ਼’ ਦੇ ਸੰਪਾਦਕ ਅਮੋਲਕ ਸਿੰਘ ਜੰਮੂ ਦਾ ਦੇਹਾਂਤ ਹੋ ਗਿਆ ਹੈ। ਉਹ 65 ਵਰ੍ਹਿਆਂ ਦੇ ਸਨ ਅਤੇ ਪਿਛਲੇ ਕਈ ਸਾਲਾਂ ਤੋਂ ਮਸਕੁਲਰ ਡਿਸਟਰਾਫੀ ਤੋਂ ਪੀੜਤ ਸਨ। ਉਨ੍ਹਾਂ ਆਪਣੇ ਕਰੀਅਰ ਦਾ ਆਗਾਜ਼ ‘ਪੰਜਾਬੀ ਟ੍ਰਿਬਿਊਨ’ ਤੋਂ ਕੀਤਾ ਸੀ ਅਤੇ 1995 ਵਿੱਚ ਉਹ ਅਮਰੀਕਾ ਚਲੇ ਗਏ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਜਸਪ੍ਰੀਤ ਕੌਰ, ਪੁੱਤਰ ਮਨਦੀਪ ਸਿੰਘ ਤੇ ਨੂੰਹ ਸੰਦੀਪ ਕੌਰ ਹਨ।‘ਪੰਜਾਬ ਟਾਈਮਜ਼’ ਉਨ੍ਹਾਂ ਸਾਲ 2000 ਵਿੱਚ ਸ਼ਿਕਾਗੋ ਤੋਂ ਸ਼ੁਰੂ ਕੀਤਾ ਸੀ। ਉਦੋਂ ਤੋਂ ਹੁਣ ਤਕ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਉਨ੍ਹਾਂ ਇਸ ਪਰਚੇ ਦੀ ਅਗਵਾਈ ਕੀਤੀ। ਇਸ ਪਰਚੇ ਵਿੱਚ ਪੰਜਾਬ ਅਤੇ ਸਿੱਖੀ ਬਾਰੇ ਬਹਿਸਾਂ ਦਾ ਮੁੱਢ ਬੱਝਿਆ, ਜਿਸ ਦੇ ਆਧਾਰ ’ਤੇ ਉਨ੍ਹਾਂ ਦੀ ਸੰਪਾਦਨਾ ਹੇਠ ਪੁਸਤਕ ‘ਸਿੱਖ ਕੌਮ: ਹੋਣੀ ਤੇ ਹਸਤੀ’ ਛਪੀ। ਆਪਣੇ ਸਿਰੜ ਅਤੇ ਮਿਹਨਤ ਸਦਕਾ ਉਹ ਬਿਮਾਰ ਹੋਣ ਦੇ ਬਾਵਜੂਦ ਅੰਤ ਤਕ ਪਰਚੇ ਦੀ ਦੇਖ-ਰੇਖ ਕਰਦੇ ਰਹੇ। -ਟਨਸ