ਕਾਬੁਲ: ਇਥੋਂ ਦੀ ਮਸਜਿਦ ਵਿੱਚ ਅੱਜ ਸ਼ਾਮ ਵੇਲੇ ਨਮਾਜ਼ ਦੌਰਾਨ ਵੱਡਾ ਧਮਾਕਾ ਹੋਇਆ। ਚਸ਼ਮਦੀਦਾਂ ਤੇ ਪੁਲੀਸ ਅਨੁਸਾਰ ਧਮਾਕੇ ਕਾਰਨ 20 ਲੋਕ ਮਾਰੇ ਗਏ ਹਨ। ਪੁਲੀਸ ਮੁਤਾਬਕ 40 ਦੇ ਕਰੀਬ ਲੋਕ ਗੰਭੀਰ ਜ਼ਖ਼ਮੀ ਦੱਸੇ ਜਾਂਦੇ ਹਨ ਜਿਸ ਕਰਕੇ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਉਧਰ ਤਾਲਿਬਾਨ ਦੇ ਖ਼ੁਫੀਆ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਧਮਾਕੇ ਕਾਰਨ 35 ਲੋਕਾਂ ਦੇ ਜ਼ਖ਼ਮੀ ਹੋਣ ਜਾਂ ਦਮ ਤੋੜਨ ਦਾ ਖ਼ਦਸ਼ਾ ਹੈ। ਇਸੇ ਦੌਰਾਨ ਅਲ ਜਜ਼ੀਰਾ ਨੇ ਅਣਪਛਾਤੇ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਧਮਾਕੇ ਕਾਰਨ 20 ਮੌਤਾਂ ਹੋਈਆਂ ਹਨ। ਕਾਬੁਲ ਪੁਲੀਸ ਦੇ ਬੁਲਾਰੇ ਖਾਲਿਦ ਜ਼ਾਦਰਾਨ ਨੇ ਦੱਸਿਆ ਕਿ ਮਸਜਿਦ ਵਿੱਚ ਧਮਾਕਾ ਹੋਇਆ ਹੈ। ਇਸੇ ਦੌਰਾਨ ਮੌਤਾਂ ਵੀ ਹੋਈਆਂ ਹਨ, ਪਰ ਮਰਨ ਵਾਲਿਆਂ ਦੀ ਗਿਣਤੀ ਸਪਸ਼ਟ ਨਹੀਂ ਹੈ। -ਰਾਇਟਰਜ਼