ਵਾਸ਼ਿੰਗਟਨ, 2 ਅਗਸਤ
ਅਮਰੀਕਾ ਵੱਲੋਂ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਕੀਤੇ ਡਰੋਨ ਹਮਲੇ ਵਿੱਚ ਅਲਕਾਇਦਾ ਆਗੂ ਆਇਮਨ ਅਲ-ਜ਼ਵਾਹਿਰੀ ਮਾਰਿਆ ਗਿਆ ਹੈ। ਸਾਲ 2011 ਵਿੱਚ ਅਲਕਾਇਦਾ ਦੇ ਬਾਨੀ ਓਸਾਮਾ ਬਿਨ ਲਾਦੇਨ ਦੀ ਪਾਕਿਸਤਾਨ ਦੇ ਐਬਟਾਬਾਦ ਵਿੱਚ ਹੱਤਿਆ ਮਗਰੋਂ ਜ਼ਵਾਹਰੀ ਦੀ ਮੌਤ ਆਲਮੀ ਦਹਿਸ਼ਤੀ ਨੈੱਟਵਰਕ ਲਈ ਵੱਡਾ ਝਟਕਾ ਹੈ। ਅਮਰੀਕਾ ਵਿੱਚ ਹੋਏ 9/11 ਹਮਲਿਆਂ ਤੇ ਮਗਰੋਂ ਭਾਰਤੀ ਉਪ-ਮਹਾਦੀਪ ਵਿੱਚ ਦਹਿਸ਼ਤੀ ਜਥੇਬੰਦੀ ਦੀ ਸਥਾਪਨਾ ਵਿੱਚ ਜ਼ਵਾਹਰੀ ਦੀ ਕੇਂਦਰੀ ਭੂਮਿਕਾ ਸੀ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ ਤੋਂ ਜ਼ਵਾਹਰੀ ਦੀ ਮੌਤ ਦਾ ਐਲਾਨ ਕਰਦਿਆਂ ਕਿਹਾ ‘‘ਨਿਆਂ ਦੇ ਦਿੱਤਾ ਗਿਆ ਹੈ ਅਤੇ ਇਹ ਦਹਿਸ਼ਤਗਰਦ ਹੁਣ ਨਹੀਂ ਰਿਹਾ।’’
ਜ਼ਵਾਹਰੀ, ਜਿਸ ਨੇ ਬਿਨ ਲਾਦੇਨ ਦੀ ਮੌਤ ਮਗਰੋਂ ਅਲਕਾਇਦਾ ਦੀ ਕਮਾਨ ਸੰਭਾਲੀ ਸੀ, ਸ਼ਨਿੱਚਰਵਾਰ ਸ਼ਾਮ ਨੂੰ ਸੀਆਈਏ ਵੱਲੋਂ ਕਾਬੁਲ ਦੇ ਇਕ ਘਰ ’ਤੇ ਕੀਤੇ ਡਰੋਨ ਹਮਲੇ ਵਿੱਚ ਮਾਰਿਆ ਗਿਆ ਸੀ। ਜ਼ਵਾਹਰੀ ਇਸ ਘਰ ਵਿੱਚ ਆਪਣੇ ਪਰਿਵਾਰ ਨਾਲ ਲੁਕਿਆ ਹੋਇਆ ਸੀ। ਜ਼ਵਾਹਰੀ ਮਿਸਰ ਮੂਲ ਦਾ ਸਰਜਨ ਸੀ, ਜਿਸ ਦੇ ਸਿਰ ’ਤੇ 25 ਕਰੋੜ ਅਮਰੀਕੀ ਡਾਲਰ ਦਾ ਇਨਾਮ ਸੀ। ਉਹ ਅਲਕਾਇਦਾ ਵਿੱਚ ਬਿਨ ਲਾਦੇਨ ਮਗਰੋਂ ਦੂਜੇ ਨੰਬਰ ਦਾ ਆਗੂ ਸੀ। ਉਸ ਨੂੰ ਦਹਿਸ਼ਤੀ ਸਮੂਹ ਦਾ ਕੌਮਾਂਤਰੀ ਪ੍ਰਤੀਕ ਮੰਨਿਆ ਜਾਂਦਾ ਸੀ। ਅਮਰੀਕੀ ਅਧਿਕਾਰੀਆਂ ਮੁਤਾਬਕ ਜ਼ਵਾਹਰੀ ਆਪਣੇ ਸੁਰੱਖਿਅਤ ਘਰ ਦੀ ਬਾਲਕਨੀ ਵਿੱਚ ਖੜ੍ਹਾ ਸੀ ਜਦੋਂ ਡਰੋਨ ਨੇ ਉਸ ਵੱਲ ਦੋ ਮਿਜ਼ਾਈਲਾਂ ਦਾਗੀਆਂ। ਇਸ ਮੌਕੇ ਘਰ ਵਿੱਚ ਜ਼ਵਾਹਰੀ ਦੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸੀ, ਪਰ
ਉਨ੍ਹਾਂ ਨੂੰ ਕੋਈ ਸੱਟ-ਫੇਟ ਨਹੀਂ ਲੱਗੀ ਤੇ ਸਿਰਫ਼ ਜ਼ਵਾਹਰੀ ਹੀ ਮਾਰਿਆ ਗਿਆ। ਬਾਇਡਨ ਨੇ ਕਿਹਾ, ‘‘9/11 ਹਮਲਿਆਂ ਦੀ ਯੋਜਨਾ ਘੜਨ ਵਿੱਚ ਉਸ ਦੀ ਵੱਡੀ ਭੂਮਿਕਾ ਸੀ, ਉਹ ਅਮਰੀਕੀ ਧਰਤੀ ’ਤੇ 2977 ਲੋਕਾਂ ਦੇ ਕਤਲ ਲਈ ਜ਼ਿੰਮੇਵਾਰ ਲੋਕਾਂ ’ਚੋਂ ਇਕ ਸੀ। ਦਹਾਕਿਆਂ ਤੱਕ ਉਹ ਅਮਰੀਕਾ ਖਿਲਾਫ਼ ਹਮਲਿਆਂ ਦਾ ਮੁੱਖ ਸਾਜ਼ਿਸ਼ਘਾੜਾ ਰਿਹਾ।’’ ਅਮਰੀਕਾ ਨੇ ਕਾਬੁਲ ਵਿੱਚ ਇਹ ਡਰੋਨ ਹਮਲਾ ਅਜਿਹੇ ਮੌਕੇ ਕੀਤਾ ਹੈ ਜਦੋਂ ਅਮਰੀਕੀ ਫੌਜਾਂ ਨੂੰ ਅਫ਼ਗ਼ਾਨਿਸਤਾਨ ਛੱਡਿਆਂ ਨੂੰ ਅਗਲੇ ਦਿਨਾਂ ਵਿੱਚ ਸਾਲ ਹੋਣ ਵਾਲਾ ਹੈ। ਸਾਬਕਾ ਅਮਰੀਕੀ ਸਦਰ ਬਰਾਕ ਓਬਾਮਾ ਨੇ ਕਿਹਾ ਕਿ ਅਲ-ਜ਼ਵਾਹਰੀ ਦੀ ਮੌਤ ਸਬੂਤ ਹੈ ਕਿ ਜੰਗ ਦੇ ਮੈਦਾਨ ਤੋਂ ਬਾਹਰ ਰਹਿੰਦਿਆਂ ਵੀ ਅਤਿਵਾਦ ਨੂੰ ਜੜ੍ਹੋਂ ਪੁੱਟਿਆ ਜਾ ਸਕਦਾ ਹੈ। ਉਧਰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਅਲਕਾਇਦਾ ਦੀ ਮੌਤ ਮਗਰੋਂ ਕੁੱਲ ਆਲਮ ਸੁਰੱਖਿਅਤ ਥਾਂ ਬਣ ਗਿਆ ਹੈ। ‘ਨਿਊ ਯਾਰਕ ਟਾਈਮਜ਼’ ਮੁਤਾਬਕ ਜ਼ਵਾਹਰੀ ਮਿਸਰ ਦੇ ਨਾਮਵਰ ਪਰਿਵਾਰ ਨਾਲ ਸਬੰਧਤ ਸੀ। ਉਸ ਦਾ ਦਾਦਾ ਰਾਬੀਆ ਅਲ-ਜ਼ਵਾਹਰੀ ਕਾਹਿਰਾ ਦੀ ਮਾਣਮੱਤੀ ਅਲ-ਅਜ਼ਹਰ ਯੂਨੀਵਰਸਿਟੀ ਵਿੱਚ ਇਮਾਮ ਸੀ। ਉਨ੍ਹਾਂ ਦੇ ਪਰਿਵਾਰ ’ਚੋਂ ਅਬਦੁਲ ਰਹਿਮਾਨ ਅੱਜ਼ਾਮ ਅਰਬ ਲੀਗ ਦਾ ਪਹਿਲਾ ਸਕੱਤਰ ਸੀ। 1981 ਵਿੱਚ ਮਿਸਰ ਦੇ ਰਾਸ਼ਟਰਪਤੀ ਅਨਵਰ ਸਾਦਤ ਦੀ ਹੱਤਿਆ ਅਤੇ 1998 ਵਿੱਚ ਕੀਨੀਆ ਤੇ ਤਨਜ਼ਾਨੀਆ ਵਿਚਲੇ ਅਮਰੀਕੀ ਸਫ਼ਾਰਤਖਾਨਿਆਂ ’ਤੇ ਹਮਲੇ ਵਿੱਚ ਉਸ ਦੀ ਕੇਂਦਰੀ ਭੂਮਿਕਾ ਸੀ। ਜ਼ਵਾਹਿਰੀ ਨੇ ਸਤੰਬਰ 2014 ਵਿੱਚ ਅਲਕਾਇਦਾ ਦੀ ਖੇਤਰੀ ਜਥਬੰਦੀ ਏਕਿਊਆਈਐੱਸ ਦੀ ਸਥਾਪਨਾ ਕੀਤੀ ਸੀ। -ਪੀਟੀਆਈ
ਹੋਰਨਾਂ ਮੁਲਕਾਂ ਦੀ ‘ਪ੍ਰਭੂਸੱਤਾ ਦੀ ਕੀਮਤ’ ’ਤੇ ਅਜਿਹੇ ਆਪਰੇਸ਼ਨਾਂ ਦਾ ਵਿਰੋਧ ਕਰਦੇ ਹਾਂ: ਚੀਨ
ਪੇਈਚਿੰਗ: ਚੀਨ ਨੇ ਅਲਕਾਇਦਾ ਆਗੂ ਆਇਮਨ ਅਲ-ਜ਼ਵਾਹਰੀ ਦੀ ਅਮਰੀਕੀ ਡਰੋਨ ਹਮਲੇ ਵਿੱਚ ਹੱਤਿਆ ਨੂੰ ਲੈ ਕੇ ਦਿੱਤੇ ਪ੍ਰਤੀਕਰਮ ਵਿੱਚ ਕਿਹਾ ਕਿ ਉਹ ਅਤਿਵਾਦ ਦੇ ਸਾਰੇ ਸਰੂਪਾਂ ਦੇ ਖਿਲਾਫ਼ ਹੈ, ਪਰ ਉਹ ਅਤਿਵਾਦ ਦੇ ਟਾਕਰੇ ਲਈ ‘ਦੋਹਰੇ ਮਾਪਦੰਡਾਂ’ ਅਪਣਾਉਣ, ਉਹ ਵੀ ਹੋਰਨਾਂ ਮੁਲਕਾਂ ਦੀ ‘ਪ੍ਰਭੂਸੱਤਾ ਦੀ ਕੀਮਤ ਉੱਤੇ’ ਦੇ ਵੀ ਖਿਲਾਫ਼ ਹੈ। ਵਿਦੇਸ਼ ਰਾਜ ਮੰਤਰੀ ਹੁਆ ਚੁਨਯਿੰਗ ਨੇ ਕਿਹਾ, ‘‘ਅਸੀਂ ਸਬੰਧਤ ਰਿਪੋਰਟਾਂ ਵੇਖੀਆਂ ਹਨ ਤੇ ਚੀਨ ਨੇ ਹਮੇਸ਼ਾਂ ਅਤਿਵਾਦ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਅਸੀਂ ਕੌਮਾਂਤਰੀ ਅਤਿਵਾਦ-ਵਿਰੋਧੀ ਅਪਰੇਸ਼ਨਾਂ ਵਿੱਚ ਸਰਗਰਮੀ ਨਾਲ ਸ਼ਾਮਲ ਹਾਂ।’’ -ਪੀਟੀਆਈ
‘ਅਲਕਾਇਦਾ ਹਮਾਇਤੀਆਂ ਤੇ ਭਾਰਤ ਵਿਚਲੇ ਕੇਡਰ ਲਈ ਵੱਡਾ ਝਟਕਾ’
ਨਵੀਂ ਦਿੱਲੀ: ਭਾਰਤ ਨੇ ਕਿਹਾ ਕਿ ਅਲ-ਜ਼ਵਾਹਰੀ ਦੀ ਹੱਤਿਆ ਅਲਕਾਇਦਾ ਤੇ ਭਾਰਤ ਵਿਚਲੇ ਉਸ ਦੇ ਹਮਾਇਤੀਆਂ ਲਈ ਵੱਡਾ ਝਟਕਾ ਹੈ। ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਜ਼ਵਾਹਰੀ ਦੀ ਹੱਤਿਆ ਨਾਲ ਅਲਕਾਇਦਾ ਹਮਾਇਤੀਆਂ ਤੇ ਭਾਰਤ ਵਿਚ ਉਨ੍ਹਾਂ ਦੇ ਕੇਡਰ ਦੇ ਮਨੋਬਲ ਨੂੰ ਸੱਟ ਵੱਜੇਗੀ। ਅਧਿਕਾਰੀਆਂ ਨੇ ਕਿਹਾ ਕਿ ਅਲਕਾਇਦਾ ਵੱਲੋਂ ਭਾਰਤ ਵਿੱਚ ਕੂੜ ਪ੍ਰਚਾਰ ਲਈ ਵੱਡੀ ਪੱਧਰ ’ਤੇ ਮੁਹਿੰਮ ਚਲਾ ਕੇ ਇਥੇ ਅਲਕਾਇਦਾ ਦੀ ਜਥੇਬੰਦਕ ਮਸ਼ੀਨਰੀ ਨੂੰ ਮੁੜ ਪੈਰਾਂ ਸਿਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਜਵਾਹਰੀ ਦੀ ਹੱਤਿਆ ਨਾਲ ਏਕਿਊਆਈਐੱਸ ਦੀ ਰਫ਼ਤਾਰ ਕੁਝ ਠੱਲ੍ਹੇਗੀ।
ਅਲ-ਜ਼ਵਾਹਰੀ ਨੇ ਵੀਡੀਓ ਤੇ ਆਡੀਓ ਸੁਨੇਹਿਆਂ ਰਾਹੀਂ ਹਮਾਇਤੀਆਂ ਤਕ ਪਹੁੰਚ ਵਧਾਈ: ਯੂਐੱਨ ਰਿਪੋਰਟ
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਨੇ ਆਪਣੀ ਇਕ ਹਾਲੀਆ ਰਿਪੋਰਟ ਵਿੱਚ ਦਾਅਵਾ ਕੀਤਾ ਸੀ ਕਿ ਆਇਮਨ ਅਲ-ਜ਼ਵਾਹਰੀ ਦੀ ਸਰਪ੍ਰਸਤੀ ਹੇਠ ਅਲਕਾਇਦਾ ਦੀ ਕੋਰ ਲੀਡਰਸ਼ਿਪ ਅਫ਼ਗਾਨਿਸਤਾਨ ਵਿੱਚ ਹੈ ਤੇ ਦਹਿਸ਼ਤੀ ਜਥੇਬੰਦੀ ਦੇ ਆਗੂ ਨੇ ਵੀਡੀਓ ਤੇ ਆਡੀਓ ਸੁਨੇਹਿਆਂ ਜ਼ਰੀਏ ਅਲਕਾਇਦਾ ਹਮਾਇਤੀਆਂ ਤੱਕ ਪਹੁੰਚ ਵਧਾਈ ਹੈ। ਪਿਛਲੇ ਮਹੀਨੇ ਜਾਰੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅਲਕਾਇਦਾ ਦੀ ਲੀਡਰਸ਼ਿਪ ਅਫ਼ਗ਼ਾਨਿਸਤਾਨ ਵਿੱਚ ਸਲਾਹਕਾਰ ਦੀ ਭੂਮਿਕਾ ਵਿੱਚ ਹੈ ਤੇ ਦੋਵੇਂ ਜਥੇਬੰਦੀਆਂ ’ਚ ਡੂੰਘੀ ਸਾਂਝ ਹੈ। ਰਿਪੋਰਟ ਮੁਤਾਬਕ ਅਗਸਤ 2021 ਤੋਂ ਹੁਣ ਤੱਕ ਅਲ-ਜ਼ਵਾਹਰੀ ਅੱਠ ਵੀਡੀਓਜ਼ ਵਿੱਚ ਨਜ਼ਰ ਆਇਆ ਸੀ। 5 ਅਪਰੈਲ ਨੂੰ ਜਾਰੀ ਅਜਿਹੀ ਇਕ ਵੀਡੀਓ ਵਿੱਚ ਅਲਕਾਇਦਾ ਆਗੂ ਨੇ ਭਾਰਤ ਵਿੱਚ ਹਿਜਾਬ ਵਿਵਾਦ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਸਨ। ਹਾਲੀਆ ਸਾਲਾਂ ਵਿੱਚ ਇਹ ਵੀਡੀਓ ਅਲ-ਜ਼ਵਾਹਰੀ ਦੇ ਜਿਊਂਦਾ ਜਾਗਦਾ ਹੋਣ ਦਾ ਫੈਸਲਾਕੁਨ ਸਬੂਤ ਸੀ। -ਪੀਟੀਆਈ
ਅਮਰੀਕੀ ਆਪਰੇਸ਼ਨ ਕੌਮਾਂਤਰੀ ਨਿਯਮਾਂ ਦੀ ਉਲੰਘਣਾ: ਤਾਲਿਬਾਨ
ਕਾਬੁਲ: ਤਾਲਿਬਾਨ ਨੇ ਜ਼ਵਾਹਰੀ ਦੀ ਹੱਤਿਆ ਲਈ ਅਮਰੀਕੀ ਆਪਰੇਸ਼ਨ ਨੂੰ ਕੌਮਾਂਤਰੀ ਨਿਯਮਾਂ ਤੇ ਦੋਹਾ ਕਰਾਰ ਦੀ ਸਪਸ਼ਟ ਉਲੰਘਣਾ ਕਰਾਰ ਦਿੱਤਾ ਹੈ। ਬੀਬੀਸੀ ਨੇ ਤਾਲਿਬਾਨੀ ਤਰਜਮਾਨ ਦੇ ਹਵਾਲੇ ਨਾਲ ਕਿਹਾ, ‘‘ਅਜਿਹੀਆਂ ਕਾਰਵਾਈਆਂ ਪਿਛਲੇ 20 ਸਾਲਾਂ ਦੇ ਨਾਕਾਮ ਤਜਰਬਿਆਂ ਦਾ ਦੁਹਰਾਅ ਅਤੇ ਅਮਰੀਕਾ, ਅਫ਼ਗ਼ਾਨਿਸਤਾਨ ਤੇ ਖਿੱਤੇ ਦੇ ਹਿੱਤਾਂ ਦੀ ਖਿਲਾਫ਼ਵਰਜ਼ੀ ਹੈ।’’ ਤਾਲਿਬਾਨ ਤਰਜਮਾਨ ਜ਼ਬੀਉੱਲ੍ਹਾ ਮੁਜਾਹਿਦ ਨੇ ਲੜੀਵਾਰ ਟਵੀਟ ਵਿੱਚ ਕਿਹਾ, ‘‘ਕਾਬੁਲ ਸ਼ਹਿਰ ਦੇ ਸ਼ੇਰਪੁਰ ਇਲਾਕੇ ਦੇ ਰਿਹਾਇਸ਼ੀ ਇਲਾਕੇ ਵਿਚਲੇ ਘਰ ’ਤੇ 31 ਜੁਲਾਈ ਨੂੰ ਹਵਾਈ ਹਮਲਾ ਕੀਤਾ ਗਿਆ ਸੀ। ਪਹਿਲਾਂ ਤਾਂ ਹਮਲੇ ਬਾਰੇ ਕੋਈ ਸਮਝ ਨਹੀਂ ਲੱਗੀ, ਪਰ ਫਿਰ ਇਸਲਾਮਿਕ ਅਮੀਰਾਤ ਦੀ ਸੁਰੱਖਿਆ ਤੇ ਇੰਟੈਲੀਜੈਂਸ ਸੇਵਾਵਾਂ ਨੇ ਇਸ ਪੂਰੀ ਘਟਨਾ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਹਮਲਾ ਅਮਰੀਕੀ ਡਰੋਨ ਵੱਲੋਂ ਕੀਤਾ ਗਿਆ ਸੀ।’’
ਸੀਆਈਏ ਨੇ ਜ਼ਵਾਹਰੀ ਦੀਆਂ ਨਿੱਤ ਦੀਆਂ ਆਦਤਾਂ ਤੇ ਜਿਊਣ ਢੰਗ ’ਤੇ ਨਜ਼ਰ ਰੱਖੀ
ਵਾਸ਼ਿੰਗਟਨ: ਅਮਰੀਕੀ ਮੀਡੀਆ ਦੀ ਰਿਪੋਰਟ ਮੁਤਾਬਕ ਅਲਕਾਇਦਾ ਆਗੂ ਅਲ-ਜ਼ਵਾਹਰੀ ਇਸ ਸਾਲ ਦੇ ਸ਼ੁਰੂ ਵਿੱਚ ਪਾਕਿਸਤਾਨ ਤੋਂ ਕਾਬੁਲ ਵਿਚਲੇ ਸੁਰੱਖਿਅਤ ਘਰ ਵਿੱਚ ਤਬਦੀਲ ਹੋ ਗਿਆ ਸੀ ਅਤੇ ਉਦੋਂ ਤੋਂ ਹੀ ਅਮਰੀਕੀ ਇੰਟੈਲੀਜੈਂਸ ਏਜੰਸੀ ਸੀਆਈਏ ਵੱਲੋਂ ਉਸ ਦੀ ਪੈੜ ਨੱਪੀ ਜਾ ਰਹੀ ਸੀ। ਏਜੰਸੀ ਦੇ ਅਧਿਕਾਰੀਆਂ ਮੁਤਾਬਕ ਜ਼ਵਾਹਿਰੀ ਦੇ ਇਸ ਨਵੇਂ ਘਰ ਵਿੱਚ ਆਉਣ ਤੋਂ ਪਹਿਲਾਂ ਹੀ ਉਸ ਦੀ ਪਤਨੀ ਤੇ ਬੱਚੇ ਇਥੇ ਪਹੁੰਚ ਗਏ ਸਨ। ਇੰਟੈਲੀਜੈਂਸ ਅਧਿਕਾਰੀਆਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਉਸ ਦੀਆਂ ਨਿੱਤ ਦੀਆਂ ਆਦਤਾਂ ਤੇ ਹੋਰ ਜਿਊਣ ਢੰਗ ’ਤੇ ਨਜ਼ਰ ਰੱਖੀ ਜਾ ਰਹੀ ਸੀ। ਅਮਰੀਕਾ ਨੇ ਡਰੋਨ ਹਮਲੇ ਨੂੰ ਪੂਰੇ ਯੋਜਨਾਬੰਦ ਢੰਗ ਨਾਲ ਅੰਜਾਮ ਦਿੱਤਾ ਤਾਂ ਕਿ ਨੇੜਲੇ ਘਰਾਂ ਵਿੱਚ ਰਹਿੰਦੀ ਆਮ ਵਸੋਂ ਨੂੰ ਘੱਟ ਤੋਂ ਘੱਟ ਨੁਕਸਾਨ ਪੁੱਜੇ। -ਪੀਟੀਆਈ