ਵਾਸ਼ਿੰਗਟਨ, 2 ਦਸੰਬਰ
ਅਮਰੀਕਾ ਦੀ ਉਪ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਜਾ ਰਹੀ ਕਮਲਾ ਹੈਰਿਸ ਨੇ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਪਹਿਲੇ ਦਿਨ ਤੋਂ ਹੀ ਜੋਅ ਬਾਇਡਨ ਵੱਲੋਂ ਐਲਾਨੀ ਗਈ ਤਜਰਬੇਕਾਰ ਆਰਥਿਕ ਟੀਮ ਨਾਲ ਵਿੱਤੀ ਸੰਕਟ ਦਾ ਹੱਲ ਲੱਭਣ ਵਿਚ ਜੁਟ ਜਾਵੇਗਾ। ਬਾਇਡਨ ਨੇ ਮੰਗਲਵਾਰ ਵਿਲਮਿੰਗਟਨ ਵਿਚ ਆਪਣੀ ਆਰਥਿਕ ਸਲਾਹਕਾਰ ਟੀਮ ਦੇ ਅਹਿਮ ਮੈਂਬਰਾਂ ਦਾ ਐਲਾਨ ਕੀਤਾ ਹੈ। ਜੈਨੇਟ ਯੈਲੇਨ ਨੂੰ ਖ਼ਜ਼ਾਨਾ ਸਕੱਤਰ, ਭਾਰਤੀ-ਅਮਰੀਕੀ ਨੀਰਾ ਟੰਡਨ ਨੂੰ ਪ੍ਰਬੰਧਨ ਤੇ ਬਜਟ ਦਫ਼ਤਰ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਹੋਰਾਂ ਨੂੰ ਵੀ ਅਹਿਮ ਅਹੁਦੇ ਦਿੱਤੇ ਗਏ ਹਨ। ਹੈਰਿਸ ਨੇ ਕਿਹਾ ਕਿ ਐਲਾਨੀ ਗਈ ਟੀਮ ਅਮਰੀਕੀ ਲੋਕਾਂ ਨੂੰ ਰਾਹਤ ਦੇਣ ਦੇ ਸਮਰੱਥ ਹੈ। ਇਹ ਆਰਥਿਕਤਾ ਨੂੰ ਪੱਟੜੀ ’ਤੇ ਲਿਆਏਗੀ। ਕਮਲਾ ਨੇ ਕਿਹਾ ਕਿ ਕੋਵਿਡ-19 ਦੇ ਕੇਸ ਵੱਧਦੇ ਜਾ ਰਹੇ ਹਨ ਤੇ ਜ਼ਿੰਦਗੀਆਂ ਦਾ ਨੁਕਸਾਨ ਹੋ ਰਿਹਾ ਹੈ। ਮੰਦੀ ਕਾਰਨ ਵੀ ਨੁਕਸਾਨ ਵੀ ਕਾਫ਼ੀ ਹੋ ਰਿਹਾ ਹੈ। ਹੈਰਿਸ ਨੇ ਕਿਹਾ ਕਿ ਅਮਰੀਕਾ ਵਿਚ ਛੇ ’ਚੋਂ ਇਕ ਬਾਲਗ ਕਹਿ ਰਿਹਾ ਹੈ ਕਿ ਉਹ ਤੇ ਉਨ੍ਹਾਂ ਦੇ ਬੱਚੇ ਭੁੱਖੇ ਹਨ। ਤਿੰਨ ਜਣਿਆਂ ’ਚੋਂ ਇਕ ਨੂੰ ਬਿੱਲ ਦੇਣ ’ਚ ਮੁਸ਼ਕਲ ਆ ਰਹੀ ਹੈ। ਛੋਟੇ ਉਦਯੋਗ ਵੀ ਮਹਾਮਾਰੀ ਕਾਰਨ ਪ੍ਰਭਾਵਿਤ ਹੋਏ ਹਨ। ਬਾਕੀਆਂ ਨੂੰ ਲੱਗ ਰਿਹਾ ਹੈ ਕਿ ਵੈਕਸੀਨ ਆਉਣ ਤੱਕ ਉਹ ਕਿਸੇ ਤਰ੍ਹਾਂ ਗੁਜ਼ਾਰਾ ਕਰ ਲੈਣਗੇ। ਹੈਰਿਸ ਨੇ ਕਿਹਾ ਕਿ ਫਿਰ ਵੀ ਅਮਰੀਕੀਆਂ ਦੀ ਆਸ ਬੱਝੀ ਹੋਈ ਹੈ, ਹਰੇਕ ਵਿਅਕਤੀ ਨੌਕਰੀ ਚਾਹੁੰਦਾ ਹੈ ਤੇ ਪ੍ਰਸ਼ਾਸਨ ਇਸੇ ਲਈ ਯਤਨ ਕਰੇਗਾ। ਹੈਰਿਸ ਨੇ ਕਿਹਾ ਕਿ ਨਵੀਂ ਵਿੱਤੀ ਟੀਮ ’ਚ ਅਮਰੀਕਾ ਦੇ ਕੁਝ ਸਭ ਤੋਂ ਰੌਸ਼ਨ ਦਿਮਾਗ ਹਨ, ਜੋ ਖ਼ੁਦ ਨੂੰ ਸਾਬਿਤ ਕਰ ਚੁੱਕੇ ਹਨ ਤੇ ਮੁਸ਼ਕਲਾਂ ਦਾ ਹੱਲ ਕੱਢਣਗੇ। -ਪੀਟੀਆਈ