ਸਿਓਲ, 16 ਸਤੰਬਰ
ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਨੇ ਰੂਸ ਦੇ ਪਰਮਾਣੂ ਹਥਿਆਰ ਸੁੱਟਣ ’ਚ ਸਮਰੱਥ ਬੰਬਾਰ ਜਹਾਜ਼ਾਂ, ਹਾਈਪਰਸੌਨਿਕ ਮਿਜ਼ਾਈਲਾਂ ਤੇ ਇਕ ਜੰਗੀ ਬੇੜੇ ਦਾ ਜਾਇਜ਼ਾ ਲਿਆ ਹੈ। ਇਹ ਬੇੜਾ ਰੂਸ ਦੀ ਪ੍ਰਸ਼ਾਂਤ ਮਹਾਸਾਗਰ ਦੀ ਫਲੀਟ ਵਿਚੋਂ ਹੈ। ਜ਼ਿਕਰਯੋਗ ਹੈ ਕਿ ਕਿਮ ਕਈ ਦਿਨਾਂ ਤੋਂ ਰੂਸ ਦਾ ਦੌਰਾ ਕਰ ਰਹੇ ਹਨ। ਦੋਵਾਂ ਮੁਲਕਾਂ ਵਿਚਾਲੇ ਹਥਿਆਰਾਂ ਦਾ ਸੌਦਾ ਸਿਰੇ ਚੜ੍ਹਨ ਬਾਰੇ ਕਿਆਸਰਾਈਆਂ ਵੀ ਲਾਈਆਂ ਜਾ ਰਹੀਆਂ ਹਨ।
ਕਿਮ ਅੱਜ ਬੰਦਰਗਾਹ ਸ਼ਹਿਰ ਵਲਾਦੀਵੋਸਤੋਕ ਨੇੜੇ ਇਕ ਹਵਾਈ ਅੱਡੇ ਉਤੇ ਗਏ ਜਿੱਥੇ ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਤੇ ਹੋਰ ਸੀਨੀਅਰ ਸੈਨਾ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇੱਥੇ ਹੀ ਕਿਮ ਨੇ ਰੂਸ ਦੇ ਬੰਬਾਰੀ ਕਰਨ ਵਾਲੇ ਜਹਾਜ਼ਾਂ ਤੇ ਹੋਰ ਜਹਾਜ਼ਾਂ ਨੂੰ ਨੇੜਿਓਂ ਦੇਖਿਆ। ਇਹ ਸਾਰੇ ਜਹਾਜ਼ ਉਸ ਵਰਗ ਦੇ ਹਨ ਜੋ ਵਰਤਮਾਨ ’ਚ ਯੂਕਰੇਨ ਜੰਗ ਵਿਚ ਵਰਤੇ ਜਾ ਰਹੇ ਹਨ। -ਏਪੀ