ਪੇਈਚਿੰਗ, 13 ਨਵੰਬਰ
ਚੀਨੀ ਮਾਹਿਰਾਂ ਨੇ ਸਰਦੀਆਂ ਸ਼ੁਰੂ ਹੁੰਦੇ ਸਾਰ ਕੋਵਿਡ-19 ਲਾਗ ਮੁੜ ਫੈਲਣ ਦਾ ਖ਼ਦਸ਼ਾ ਜ਼ਾਹਿਰ ਕਰਦਿਆਂ ਬਜ਼ੁਰਗਾਂ ਅਤੇ ਹੋਰ ਆਬਾਦੀ ਨੂੰ ਟੀਕੇ ਲਗਵਾਉਣ ਲਈ ਕਿਹਾ ਹੈ। ਚੀਨੀ ਰੋਗ ਕੰਟਰੋਲ ਅਤੇ ਰੋਕਥਾਮ ਸੈਂਟਰ ਨੇ ਕਿਹਾ ਕਿ ਅਕਤੂਬਰ ’ਚ ਦੇਸ਼ ਅੰਦਰ ਕੋਵਿਡ ਦੇ ਕੁੱਲ 209 ਨਵੇਂ ਕੇਸ ਸਾਹਮਣੇ ਆਏ ਅਤੇ 24 ਵਿਅਕਤੀਆਂ ਦੀ ਮੌਤ ਹੋਈ ਹੈ। ਚੀਨ ਦੇ ਸਾਹ ਰੋਗਾਂ ਬਾਰੇ ਉੱਘੇ ਮਾਹਿਰ ਜ਼ੋਂਗ ਨਾਨਸ਼ਾਨ ਨੇ ਚਿਤਾਵਨੀ ਦਿੱਤੀ ਕਿ ਸਰਦੀਆਂ ’ਚ ਕੋਵਿਡ ਕੇਸਾਂ ’ਚ ਮੁੜ ਉਛਾਲ ਆ ਸਕਦਾ ਹੈ। ‘ਗਲੋਬਲ ਟਾਈਮਜ਼’ ਦੀ ਰਿਪੋਰਟ ਮੁਤਾਬਕ ਵਾਇਰਸ ਲਗਾਤਾਰ ਰਵੱਈਆ ਬਦਲ ਰਿਹਾ ਹੈ ਅਤੇ ਆਮ ਲੋਕਾਂ ਦੀ ਰੋਗਾਂ ਨਾਲ ਲੜਨ ਦੀ ਸਰੀਰਕ ਸਮਰੱਥਾ ਵੀ ਘਟਦੀ ਜਾ ਰਹੀ ਹੈ ਕਿਉਂਕਿ ਸਮੇਂ ਦੇ ਨਾਲ ਨਾਲ ਐਂਟੀਬਾਡੀ ਪੱਧਰ ਘਟਦਾ ਜਾ ਰਿਹਾ ਹੈ। ਸ਼ੇਨਜ਼ੇਨ ਦੇ ਥਰਡ ਪੀਪਲਜ਼ ਹਸਪਤਾਲ ਦੇ ਮੁਖੀ ਲੂ ਹੋਂਗਜ਼ਾਊ ਮੁਤਾਬਕ ਸਰਦੀਆਂ ’ਚ ਵੈਸੇ ਹੀ ਜ਼ੁਕਾਮ ਦੇ ਕੇਸ ਵੱਧ ਹੁੰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੋਰ ਲਾਗਾਂ ਤੋਂ ਚੌਕਸ ਰਹਿਣ ਦੀ ਵੀ ਲੋੜ ਹੈ। ਜ਼ਿਕਰਯੋਗ ਹੈ ਕਿ 2019 ਦੇ ਅਖੀਰ ’ਚ ਚੀਨ ਦੇ ਵੂਹਾਨ ’ਚ ਕਰੋਨਾਵਾਇਰਸ ਦੇ ਕੇਸ ਸਭ ਤੋਂ ਪਹਿਲਾਂ ਸਾਹਮਣੇ ਆਏ ਸਨ ਜੋ ਬਾਅਦ ’ਚ ਪੂਰੀ ਦੁਨੀਆ ’ਚ ਫੈਲ ਗਿਆ ਸੀ ਅਤੇ ਲੱਖਾਂ ਲੋਕ ਮਾਰੇ ਗਏ ਸਨ। ਚੀਨ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਸੀ ਕਿ ਵੂਹਾਨ ਦੀ ਲੈਬ ਤੋਂ ਕਰੋਨਾਵਾਇਰਸ ਲੀਕ ਹੋਇਆ ਸੀ। -ਪੀਟੀਆਈ