ਵਾਸ਼ਿੰਗਟਨ: ਭਾਰਤ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ ਹੈ ਕਿ ਭਾਰਤ ਨੂੰ ਸਰਹੱਦੀ ਇਲਾਕਿਆਂ ’ਚ ਰੱਖਿਆ ਢਾਂਚਿਆਂ ਦੀ ਊਸਾਰੀ ਤੋਂ ਰੋਕਣ ਲਈ ਚੀਨ ਵੱਲੋਂ ਹਮਲਾਵਰ ਰੁਖ਼ ਅਪਣਾਇਆ ਜਾ ਰਿਹਾ ਹੈ। ਖ਼ਬਰ ਏਜੰਸੀ ਨਾਲ ਇੰਟਰਵਿਊ ਦੌਰਾਨ ਊਨ੍ਹਾਂ ਕਿਹਾ ਕਿ ਇਹ ਗੰਭੀਰ ਸਥਿਤੀ ਹੈ। ਭਾਰਤ ਵੱਲੋਂ ਸਰਹੱਦ ’ਤੇ ਰੱਖਿਆ ਊਸਾਰੀਆਂ ਕੀਤੇ ਜਾਣ ’ਤੇ ਚੀਨ ਨੂੰ ਇਹ ਬੁਰਾ ਲੱਗਾ ਅਤੇ ਊਸ ਨੇ ਗਲਵਾਨ ਘਾਟੀ ’ਚ ਭੜਕਾਊ ਕਦਮ ਊਠਾਇਆ। ਭਾਰਤ ਖਿਲਾਫ਼ ਚੀਨੀ ਹਮਲਾਵਰ ਰਵੱਈਏ ਅਤੇ ਸਰਹੱਦ ’ਤੇ ਹਾਲਾਤ ਨੂੰ ਲੈ ਕੇ ਪਿਛਲੇ ਹਫ਼ਤੇ ਖ਼ੁਫ਼ੀਆ ਸਥਾਈ ਸਿਲੈਕਟ ਕਮੇਟੀ ਨੂੰ ਜਾਣਕਾਰੀ ਦਿੱਤੀ ਗਈ ਹੈ। ਕ੍ਰਿਸ਼ਨਾਮੂਰਤੀ ਨੇ ਇਸ ਬਾਰੇ ਤਾਂ ਜਾਣਕਾਰੀ ਨਹੀਂ ਦਿੱਤੀ ਪਰ ਊਨ੍ਹਾਂ ਚੀਨ ਦੇ ਕਦਮਾਂ ’ਤੇ ਚਿੰਤਾ ਜਤਾਈ ਹੈ। ਊਨ੍ਹਾਂ ਕਿਹਾ ਕਿ ਚੀਨ ਜਿਵੇਂ ਪਹਿਲਾਂ ਤਾਈਵਾਨ, ਜਾਪਾਨ, ਵੀਅਤਨਾਮ ਅਤੇ ਫਿਲਪੀਨਜ਼ ਨਾਲ ਕਰ ਚੁੱਕਾ ਹੈ, ਊਸੇ ਤਰ੍ਹਾਂ ਦੇ ਹਾਲਾਤ ਭਾਰਤ ਨਾਲ ਪੈਦਾ ਕਰ ਰਿਹਾ ਹੈ। -ਪੀਟੀਆਈ