ਕੀਵ, 29 ਅਪਰੈਲ
ਯੂਕਰੇਨ ਦੇ ਆਗੂਆਂ ਨੇ ਰੂਸ ’ਤੇ ਸੰਯੁਕਤ ਰਾਸ਼ਟਰ ਨੂੰ ‘ਨੀਵਾਂ ਦਿਖਾਉਣ’ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਕੱਤਰ-ਜਨਰਲ ਅੰਤੋਨੀਓ ਗੁਟੇਰੇਜ਼ ਦੇ ਦੌਰੇ ਦੌਰਾਨ ਵੀ ਕੀਵ ਵੱਲ ਮਿਜ਼ਾਈਲਾਂ ਦਾਗੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਪਹਿਲਾਂ ਰੂਸ ਨੇ ਜੰਗ ਦਾ ਕੇਂਦਰ ਪੂਰਬ ਨੂੰ ਬਣਾ ਲਿਆ ਸੀ ਪਰ ਹੁਣ ਮੁੜ ਕੀਵ ’ਤੇ ਹਮਲਾ ਹੋਣ ਨਾਲ ਰਾਜਧਾਨੀ ਵਿਚ ਸਥਿਤੀ ਬਿਹਤਰ ਹੋਣ ਦੀ ਆਸ ਟੁੱਟਦੀ ਨਜ਼ਰ ਆ ਰਹੀ ਹੈ। ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਯੂਕਰੇਨੀ ਫ਼ੌਜ ਰੂਸ ਨੂੰ ਦੱਖਣ ਤੇ ਪੂਰਬ ਵਿਚ ਰੋਕ ਕੇ ਚੁਣੌਤੀ ਦੇ ਰਹੀ ਹੈ। ਇਸੇ ਦੌਰਾਨ ਮਾਰੀਓਪੋਲ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਵੀ ਯਤਨ ਹੋ ਰਹੇ ਹਨ। ਮਾਰੀਓਪੋਲ ਸ਼ਹਿਰ ਦੋ ਮਹੀਨੇ ਦੀ ਜੰਗ ਮਗਰੋਂ ਮਲਬੇ ’ਚ ਤਬਦੀਲ ਹੋ ਚੁੱਕਾ ਹੈ। ਰੂਸ ਨੇ ਵੀਰਵਾਰ ਪੂਰੇ ਯੂਕਰੇਨ ਵਿਚ ਬੰਬਾਰੀ ਕੀਤੀ ਹੈ। ਕੀਵ ਦੀ ਇਕ ਉੱਚੀ ਇਮਾਰਤ ਵੀ ਹਮਲੇ ਦੀ ਲਪੇਟ ’ਚ ਆਈ ਹੈ। ਇਸ ਇਮਾਰਤ ਵਿਚ ਰਹਿ ਰਿਹਾ ਇਕ ਰੇਡੀਓ ਪੱਤਰਕਾਰ ਮਾਰਿਆ ਗਿਆ ਹੈ। ਹਮਲੇ ਵਿਚ ਦਸ ਜਣੇ ਜ਼ਖਮੀ ਹੋ ਗਏ ਹਨ ਜਦਕਿ ਇਕ ਵਿਅਕਤੀ ਅੰਗਹੀਣ ਹੋ ਗਿਆ ਹੈ। ਦੱਸਣਯੋਗ ਹੈ ਕਿ ਗੁਟੇਰੇਜ਼ ਅੱਜ ਕੀਵ ਦੇ ਦੌਰੇ ਉਤੇ ਸਨ ਤੇ ਉਨ੍ਹਾਂ ਇੱਥੇ ਜ਼ੇਲੈਂਸਕੀ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਵੀ ਕੀਤੀ। ਸੰਯੁਕਤ ਰਾਸ਼ਟਰ ਮੁਖੀ ਨੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਨਿਖੇਧੀ ਕੀਤੀ ਸੀ। ਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਕੇਂਦਰ ਹੁਣ ਪੂਰਬ ਦਾ ਡੋਨਬਾਸ ਇਲਾਕਾ ਬਣਿਆ ਹੋਇਆ ਹੈ। ਇਸ ਖੇਤਰ ਵਿਚ ਰੂਸ ਪੱਖੀ ਵੱਖਵਾਦੀ ਵੀ ਰਹਿੰਦੇ ਹਨ। ਗੁਟੇਰੇਜ਼ ਦੇ ਦੌਰੇ ਦੇ ਮੰਤਵਾਂ ਵਿਚੋਂ ਇਕ ਮਾਰੀਓਪੋਲ ’ਚ ਫਸੇ ਲੋਕਾਂ ਨੂੰ ਕੱਢਣਾ ਵੀ ਸੀ। ਜ਼ੇਲੈਂਸਕੀ ਦੇ ਦਫ਼ਤਰ ਮੁਤਾਬਕ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨਾਲ ਗੱਲਬਾਤ ਚੱਲ ਰਹੀ ਹੈ ਤੇ ਜਲਦੀ ਲੋਕਾਂ ਨੂੰ ਕੱਢਿਆ ਜਾ ਸਕਦਾ ਹੈ। ਇਕ ਅੰਦਾਜ਼ੇ ਮੁਤਾਬਕ ਇਕ ਲੱਖ ਤੋਂ ਵੱਧ ਲੋਕ ਅਜੇ ਵੀ ਮਾਰੀਓਪੋਲ ਵਿਚ ਹਨ ਤੇ ਉੱਥੇ ਪੀਣ ਵਾਲੇ ਸਾਫ਼ ਪਾਣੀ ਦੀ ਘਾਟ ਹੈ। ਸੀਵਰੇਜ ਸਿਸਟਮ ਖਰਾਬ ਹੋਣ ਕਾਰਨ ਬੀਮਾਰੀ ਫੈਲਣ ਦਾ ਡਰ ਵੀ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਲਾਸ਼ਾਂ ਮਲਬੇ ਹੇਠ ਗਲ-ਸੜ ਰਹੀਆਂ ਹਨ। ਸ਼ਹਿਰ ਉਤੇ ਜ਼ਿਆਦਾਤਰ ਰੂਸ ਕਾਬਜ਼ ਹੈ ਪਰ ਕਰੀਬ 2000 ਯੂਕਰੇਨੀ ਲੜਾਕੇ ਇਕ ਸਟੀਲ ਪਲਾਂਟ ਵਿਚ ਰੂਸੀ ਫੌਜ ਦਾ ਮੁਕਾਬਲਾ ਕਰ ਰਹੇ ਹਨ। ਇੱਥੇ ਵੀ 1000 ਨਾਗਰਿਕ ਫਸੇ ਹੋਏ ਹਨ ਜਿਨ੍ਹਾਂ ਨੂੰ ਕੱਢਿਆ ਜਾਣਾ ਹੈ। -ਏਪੀ
ਯੂਕਰੇਨ ਮੁੱਦੇ ’ਤੇ ਭਾਰਤ ਨਾਲ ਤਾਲਮੇਲ ਜਾਰੀ ਰਹੇਗਾ: ਅਮਰੀਕਾ
ਵਾਸ਼ਿੰਗਟਨ: ਅਮਰੀਕਾ ਨੇ ਅੱਜ ਕਿਹਾ ਕਿ ਯੂਕਰੇਨ ਮੁੱਦੇ ਉਤੇ ਇਹ ਭਾਰਤ ਨਾਲ ਤਾਲਮੇਲ ਕਰਦਾ ਰਹੇਗਾ। ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਪਹਿਲਾਂ ਵੀ ਭਾਰਤ ਨਾਲ ਇਸ ਮੁੱਦੇ ਉਤੇ ਗੱਲਬਾਤ ਹੋਈ ਹੈ। ਰੂਸ ’ਤੇ ਪਾਬੰਦੀਆਂ ਰਾਹੀਂ ਯੂਕਰੇਨ ਦੀ ਮਦਦ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਰਤ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸਾਕੀ ਨੇ ਕਿਹਾ ਕਿ ਮਈ ਵਿਚ ਜਪਾਨ ’ਚ ਹੋਣ ਵਾਲੇ ਕੁਆਡ ਸੰਮੇਲਨ ’ਚ ਵੀ ਯੂਕਰੇਨ ਬਾਰੇ ਚਰਚਾ ਹੋ ਸਕਦੀ ਹੈ। -ਪੀਟੀਆਈ
‘ਨਾਟੋ’ ਮੁਲਕਾਂ ਵੱਲੋਂ ਯੂਰੋਪ ’ਚ ਜੰਗੀ ਅਭਿਆਸ ਦੀ ਤਿਆਰੀ
ਲੰਡਨ: ਰੂਸ ਦੇ ਹਮਲਾਵਰ ਰੁਖ਼ ਨੂੰ ਚੁਣੌਤੀ ਦੇਣ ਲਈ ‘ਨਾਟੋ’ ਤੇ ਹੋਰ ਮੁਲਕ ਯੂਰੋਪ ਦੇ ਵੱਖ-ਵੱਖ ਹਿੱਸਿਆਂ ਵਿਚ ਫ਼ੌਜੀ ਅਭਿਆਸ ਦੀ ਤਿਆਰੀ ਕਰ ਰਹੇ ਹਨ। ਇਨ੍ਹਾਂ ਅਭਿਆਸਾਂ ਵਿਚ ਲੜਾਕੂ ਜਹਾਜ਼, ਟੈਂਕ, ਆਰਟਿਲਰੀ ਤੇ ਹਥਿਆਰਬੰਦ ਵਾਹਨ ਹਿੱਸਾ ਲੈਣਗੇ। ਇਹ ਫਿਨਲੈਂਡ, ਪੋਲੈਂਡ, ਮੈਸੇਡੋਨੀਆ, ਲਾਤਵੀਆ ਵਿਚ ਕੀਤੇ ਜਾਣਗੇ। ਇਸ ਅਭਿਆਸ ਵਿਚ ਗੈਰ-ਨਾਟੋ ਮੁਲਕ ਵੀ ਹਿੱਸਾ ਲੈਣਗੇ। -ਪੀਟੀਆਈ