ਇਸਲਾਮਾਬਾਦ, 12 ਜੁਲਾਈ
ਪਾਕਿਸਤਾਨੀ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਅੱਜ ਤੜਕੇ ਇੱਕ ਘਰ ਨੂੰ ਅੱਗ ਲੱਗਣ ਕਾਰਨ ਸੱਤ ਬੱਚਿਆਂ ਸਮੇਤ ਇੱਕ ਹੀ ਪਰਿਵਾਰ ਦੇ ਦਸ ਜੀਆਂ ਦੀ ਮੌਤ ਹੋ ਗਈ। ਸਥਾਨਕ ਪੁਲੀਸ ਅਧਿਕਾਰੀ ਮੁਹੰਮਦ ਸੱਜਾਦ ਨੇ ਮੌਤਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਘਟਨਾ ਲਾਹੌਰ ਦੇ ਭਾਟੀ ਗੇਟ ਇਲਾਕੇ ਵਿੱਚ ਵਾਪਰੀ। ‘ਦਿ ਡਾਅਨ’ ਅਖ਼ਬਾਰ ਨੇ ਲਾਹੌਰ ਦੇ ਡੀਆਈਜੀ (ਆਪਰੇਸ਼ਨ) ਅਲੀ ਨਸੀਰ ਰਿਜ਼ਵੀ ਦੇ ਹਵਾਲੇ ਨਾਲ ਦੱਸਿਆ ਕਿ ਸਾਰੇ ਮ੍ਰਿਤਕ ਇੱਕ ਹੀ ਪਰਿਵਾਰ ਨਾਲ ਸਬੰਧਤ ਸਨ। ਬਚਾਅ 1122 ਐਮਰਜੈਂਸੀ ਸੇਵਾ ਵੱਲੋਂ ਜਾਰੀ ਕੀਤੀ ਸੂਚੀ ਮੁਤਾਬਕ ਇਸ ਘਟਨਾ ਵਿੱਚ ਜਾਨ ਗੁਆਉਣ ਵਾਲੇ ਪਰਿਵਾਰ ਦੇ ਦਸ ਮੈਂਬਰਾਂ ਵਿੱਚ ਸੱਤ ਮਹੀਨਿਆਂ ਦਾ ਨਵਜਾਤ, ਚਾਰ ਸਾਲ ਦਾ ਇੱਕ ਬੱਚਾ ਅਤੇ ਪੰਜ ਕਿਸ਼ੋਰ ਸ਼ਾਮਲ ਹਨ। ‘ਜੀਓ ਨਿਊਜ਼’ ਚੈਨਲ ਦੀ ਖ਼ਬਰ ਮੁਤਾਬਕ ਪਰਿਵਾਰ ਦੇ ਇੱਕ ਮੈਂਬਰ ਨੇ ਇਮਾਰਤ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਅ ਲਈ। ਵਿਭਾਗ ਨੇ ਇੱਕ ਅਧਿਕਾਰਿਤ ਬਿਆਨ ਵਿੱਚ ਕਿਹਾ ਗਿਆ ਕਿ ਬਚਾਅ 1122 ਐਮਰਜੈਂਸੀ ਸੇਵਾ ਨੂੰ ਤੜਕੇ 2.32 ਵਜੇ ਘਟਨਾ ਦੀ ਸੂਚਨਾ ਮਿਲੀ। ਇਸ ਤੋਂ ਬਾਅਦ 33 ਬਚਾਅ ਕਰਮੀਆਂ ਤੇ 11 ਵਾਹਨਾਂ ਨੂੰ ਘਟਨਾ ਸਥਾਨ ’ਤੇ ਭੇਜਿਆ ਗਿਆ। ਬਿਆਨ ਮੁਤਾਬਕ ਅੱਗ ਸੰਘਣੀ ਵਸੋਂ ਵਾਲੇ ਇਲਾਕੇ ਦੇ ਇੱਕ ਘਰ ਦੀ ਦੂਜੀ ਮੰਜ਼ਿਲ ’ਤੇ ਲੱਗੀ ਸੀ। -ਪੀਟੀਆਈ