ਗੁਰਚਰਨ ਸਿੰਘ ਕਾਹਲੋਂ
ਸਿਡਨੀ, 18 ਅਕਤੂਬਰ
ਆਸਟਰੇਲੀਆ ਦੀ ਸੱਤਾਧਾਰੀ ਲਬਿਰਲ ਪਾਰਟੀ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਆਸਟਰੇਲਿਆਈ ਸੰਘੀ ਪੁਲੀਸ ਨੇ ਸੂਬਾ ਨਿਊ ਸਾਊਥ ਵੇਲਜ਼ ਦੇ ਪੱਛਮੀ ਸਿਡਨੀ ਖੇਤਰ ਵਿੱਚ ਨਵੇਂ ਬਣ ਰਹੇ ਕੌਮਾਂਤਰੀ ਹਵਾਈ ਅੱਡੇ ਲਈ ਜ਼ਮੀਨੀ ਸੌਦੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਇਸ ਨੂੰ ਸੰਭਾਵੀ ਅਪਰਾਧ ਦਾ ਮਾਮਲਾ ਮੰਨ ਰਹੀ ਹੈ।
ਕੁਝ ਜ਼ਮੀਨ ਮਾਲਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੀ ਜ਼ਮੀਨ ਸਸਤੇ ਭਾਅ ਜਦੋਂਕਿ ਇਕ ਅਰਬਪਤੀ ਕਾਰੋਬਾਰੀ, ਜੋ ਸਿਆਸਤਦਾਨਾਂ ਨੂੰ ਚੰਦੇ ਵਜੋਂ ਰਾਸ਼ੀ ਦਿੰਦਾ ਹੈ, ਦੀ ਜ਼ਮੀਨ ਮਹਿੰਗੇ ਭਾਅ ਖਰੀਦੀ ਗਈ। ਆਸਟਰੇਲੀਅਨ ਨੈਸ਼ਨਲ ਆਡਿਟ ਦਫਤਰ ਦੀ ਰਿਪੋਰਟ ਮੁਤਾਬਕ ਸੰਘੀ ਸਰਕਾਰ ਨੇ ਜ਼ਮੀਨ ਦੇ ਅਸਲ ਮੁੱਲ ਨਾਲੋਂ 10 ਗੁਣਾ ਵੱਧ ਅਦਾਇਗੀ ’ਤੇ ਜ਼ਮੀਨ ਖਰੀਦੀ। ਜਿਹੜੀ ਜ਼ਮੀਨ ਦੀ ਕੀਮਤ ਤਿੰਨ ਮਿਲੀਅਨ ਡਾਲਰ ਸੀ, ਉਹ 30 ਮਿਲੀਅਨ ਡਾਲਰ ਵਿੱਚ ਖਰੀਦੀ ਗਈ। ਸੱਤਾਧਾਰੀ ਲਬਿਰਲ ਪਾਰਟੀ ਦੇ ਰਾਜਸੀ ਵਿਅਕਤੀ ਤੇ ਅਧਿਕਾਰੀ ਸ਼ੱਕ ਦੇ ਘੇਰੇ ਵਿਚ ਹਨ। ਜ਼ਮੀਨ ਤੋਂ ਇਲਾਵਾ ਇੱਕ ਹੋਰ ਵੱਖਰੇ ਮਾਮਲੇ ਵਿੱਚ ਭ੍ਰਿਸ਼ਟਾਚਾਰ ਮਾਮਲਿਆਂ ਵਿਰੁੱਧ ਬਣੇ ਆਜ਼ਾਦ ਕਮਿਸ਼ਨ ਨੇ ਵੀ ਸੂਬਾ ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲਾਡਿਸ ਬੇਰੇਜਿਕਲਿਅਨ ਤੋਂ ਪੁੱਛ ਪੜਤਾਲ ਸ਼ੁਰੂ ਕੀਤੀ ਹੈ। ਪ੍ਰੀਮੀਅਰ ਅਤੇ ਲਬਿਰਲ ਦੇ ਸਾਬਕਾ ਸੰਸਦ ਮੈਂਬਰ ਡੈਰਲ ਦਰਮਿਆਨ ਨੇੜਲੇ ਸਬੰਧਾਂ ਵਿੱਚ ਅਹੁਦੇ ਦੀ ਦੁਰਵਰਤੋਂ ਦੇ ਮਾਮਲੇ ਦੀ ਵੀ ਪੁਣਛਾਣ ਹੋ ਰਹੀ ਹੈ। ਡੈਰਲ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਉਧਰ ਵਿਰੋਧੀ ਧਿਰ ਲੇਬਰ ਪਾਰਟੀ ਦੇ ਬੁਨਿਆਦੀ ਢਾਂਚੇ ਬਾਰੇ ਸ਼ੈਡੋ ਮੰਤਰੀ ਕੈਥਰੀਨ ਕਿੰਗ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ’ਤੇ ਜ਼ੋਰ ਦਿੱਤਾ ਹੈ।