ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਜੂਨ
ਪਾਕਿਸਤਾਨ ਦੇ ਬੇਹੱਦ ਮਕਬੂਲ ਸੀਨੀਅਰ ਟੀਵੀ ਮੇਜ਼ਬਾਨ ਤਾਰਿਕ ਅਜ਼ੀਜ਼ ਇਸ ਫਾਨੀ ਜਹਾਨ ਤੋਂ ਰੁਖ਼ਸਤ ਹੋ ਗਏ ਹਨ। ਉਹ 28 ਅਪਰੈਲ 1936 ਵਿਚ ਜਲੰਧਰ ਵਿਚ ਜਨਮੇ ਤੇ ਮੁੱਢਲੀ ਤਾਲੀਮ ਵੀ ਉੱਥੇ ਹੀ ਹਾਸਲ ਕੀਤੀ। ਪਾਕਿਸਤਾਨ ਰੇਡੀਓ ਤੋਂ ਉਨ੍ਹਾਂ ਆਪਣੇ ਕਰੀਅਰ ਦਾ ਆਗਾਜ਼ ਕੀਤਾ ਤੇ ਫਿਰ ਪਿਛਾਂਹ ਪਰਤ ਕੇ ਨਹੀਂ ਵੇਖਿਆ। ਜਦ ਉਹ ਪੀਟੀਵੀ ਦੇ ਕੁਇਜ਼ ‘ਨੀਲਾਮ ਘਰ’ ਨਾਲ 1974 ਵਿਚ ਜੁੜੇ ਤਾਂ ਚੜ੍ਹਦੇ ਅਤੇ ਲਹਿੰਦੇ ਪੰਜਾਬੀਆਂ ਦੇ ਦਿਲਾਂ ’ਚ ਵਸ ਗਏ। ‘ਨੀਲਾਮ ਘਰ’ ਤੋਂ ਬਾਅਦ ਉਹ ‘ਤਾਰਿਕ ਅਜ਼ੀਜ਼ ਸ਼ੋਅ’ ਵਿੱਚ ਦਿਖਾਈ ਦਿੱਤੇ ਤੇ ਫਿਰ ‘ਬਜ਼ਮ ਏ ਤਾਰਿਕ ਅਜ਼ੀਜ਼’ ਵਿੱਚ ਵੀ ਨਜ਼ਰ ਆਏ। ਆਪਣੀ ਪੁਰਕਸ਼ਿਸ਼ ਆਵਾਜ਼ ਅਤੇ ਦਿਲਕਸ਼ ਅੰਦਾਜ਼ ਨਾਲ ਉਹ ਆਪਣੇ ਸੁਣਨ ਹਾਰਿਆਂ ਤੇ ਦਰਸ਼ਕਾਂ ਦਾ ਮਨ ਮੋਹ ਲੈਂਦੇ ਸਨ। ਕਿਸੇ ਕਲਾਕਾਰ ਦੀ ਮਕਬੂਲੀਅਤ ਦਾ ਪੈਮਾਨਾ ਇਹ ਵੀ ਹੁੰਦਾ ਹੈ ਕਿ ਜਦ ਕੋਈ ਪ੍ਰੋਗਰਾਮ ਉਸ ਦੇ ਨਾਂ ਨਾਲ ਹੀ ਜਾਣਿਆਂ ਜਾਣ ਲੱਗੇ। ਉਨ੍ਹਾਂ ਫਿਲਮਾਂ ਵਿੱਚ ਵੀ ਬਤੌਰ ਅਦਾਕਾਰ ਹਾਜ਼ਰੀ ਲਵਾਈ, ਮਕਬੂਲ ਵੀ ਹੋਏ ਪਰ ਜ਼ਿਆਦਾਤਰ ਪਛਾਣ ਉਨ੍ਹਾਂ ਦੀ ਟੀਵੀ ਪ੍ਰੋਗਰਾਮਾਂ ਕਰਕੇ ਹੀ ਬਣੀ। ਦੋ ਵਰ੍ਹੇ (1997-99) ਤਾਰਿਕ ਨੈਸ਼ਨਲ ਅਸੈਂਬਲੀ-ਪਾਕਿਸਤਾਨ ਦੇ ਮੈਂਬਰ ਵੀ ਰਹੇ ਤੇ ਰਾਜਨੀਤੀ ਦੇ ਖੇਤਰ ਵਿਚ ਵੀ ਹਾਜ਼ਰੀ ਲਵਾਈ। ਸਿਆਸਤ ਉਨ੍ਹਾਂ ਨੂੰ ਰਾਸ ਨਾ ਆਈ ਤੇ ਮੁੜ ਉਹ ਕਲਾ ਦੀ ਦੁਨੀਆ ਵਿਚ ਹੀ ਪਰਤ ਆਏ। ‘ਪ੍ਰਾਈਡ ਆਫ਼ ਪਾਕਿਸਤਾਨ’ ਵਰਗਾ ਵੱਡਾ ਸਨਮਾਨ ਦੇ ਕੇ ਉੱਥੋਂ ਦੀ ਹਕੂਮਤ ਨੇ ਉਨ੍ਹਾਂ ਦੀ ਕਲਾ ਤੇ ਯੋਗਤਾ ਦੀ ਕਦਰ ਪਾਈ। ਉਹ ਚਾਹੇ ਅਦਬੀ ਸੰਮੇਲਨ ਲਾਹੌਰ ਵਿੱਚ ਹੋਣ ਜਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ, ਪੂਰੀ ਦਿਲਚਸਪੀ ਨਾਲ ਇੱਥੇ ਹੁੰਦੇ ਸਮਾਗਮਾਂ ਵਿਚ ਸ਼ਿਰਕਤ ਕਰਦੇ ਸਨ। ਤਾਰਿਕ ਸਟੇਜ ਅਤੇ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਇੱਕੋ ਜਿਹੇ ਹੀ ਦਿਖਾਈ ਦਿੰਦੇ ਸਨ। ਰੇਡੀਓ, ਟੀਵੀ ਅਤੇ ਫਿਲਮਾਂ ਦੇ ਬੁਲੰਦ ਮੁਕਾਮ ਉੱਪਰ ਅਪੜਣ ਲਈ ਉਨ੍ਹਾਂ ਬੇਇੰਤਹਾ ਮਿਹਨਤ-ਮੁਸ਼ੱਕਤ ਕੀਤੀ ਸੀ। ਉਹ ਹੱਦਾਂ-ਸਰਹੱਦਾਂ ਤੋਂ ਪਾਰ ਬੇਹੱਦ ਹਰਮਨਪਿਆਰੇ ਕਲਾਕਾਰ ਸਨ।