ਵਾਸ਼ਿੰਗਟਨ, 20 ਜੂਨ
ਅਮਰੀਕੀ ਕਾਨੂੰਨਸਾਜ਼ਾਂ, ਕਾਰੋਬਾਰੀ ਆਗੂਆਂ ਤੇ ਵ੍ਹਾਈਟ ਹਾਊਸ ਦੇ ਸੀਨੀਅਰ ਅਧਿਕਾਰੀਆਂ ਨੇ ਅਮਰੀਕਾ ਤੇ ਭਾਰਤ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਅਹਿਦ ਕੀਤਾ ਹੈ। ਇੱਥੇ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਫੋਰਮ (ਯੂਐੱਸਆਈਐੱਸਪੀਐੱਫ) ਦੇ ਸਾਲਾਨਾ ਸੰਮੇਲਨ ਮੌਕੇ ਉਨ੍ਹਾਂ ਨੇ ਪਿਛਲੇ ਇੱਕ ਦਹਾਕੇ ’ਚ ਭਾਰਤ ਵਿੱਚ ਹੋਏ ਵਿਕਾਸ ਦੀ ਵੀ ਸ਼ਲਾਘਾ ਕੀਤੀ। ਕੋਹਲਬਰਗ ਕਰੈਵਿਸ ਰੌਬਰਟਸ ਐਂਡ ਕੰਪਨੀ (ਕੇਕੇਆਰ) ਦੇ ਸਹਿ-ਬਾਨੀ ਤੇ ਸਹਿ-ਕਾਰਜਕਾਰੀ ਚੇਅਰਮੈਨ ਹੈਨਰੀ ਆਰ. ਕਰੈਵਿਸ ਨੇ ਕਿਹਾ, ‘‘ਭਾਰਤ ਕਾਰੋਬਾਰ ਕਰਨ ਲਈ ਬਹੁਤ ਵਧੀਆ ਮੁਲਕ ਹੈ। ਉੱਥੇ 86 ਕਰੋੜ ਲੋਕਾਂ ਕੋਲ ਇੰਟਰਨੈੱਟ ਹੈ ਤੇ ਨਵੇਂ ਵਿਚਾਰਾਂ ਵਾਲੇ ਉੱਦਮੀਆਂ ਕੋਲ ਬੇਸ਼ੁਮਾਰ ਮੌਕੇ ਹਨ।
ਯੂਐੱਸਆਈਐੱਸਪੀਐੱਫ ਨੇ ਅਮਰੀਕਾ-ਭਾਰਤ ਸਬੰਧਾਂ ਦੀ ਮਜ਼ਬੂਤੀ ਲਈ ਦ੍ਰਿੜ੍ਹ ਪ੍ਰਤੀਬੱਧਤਾ ਦਿਖਾਉਣ ਵਾਲੇ ਕਰੈਵਿਸ ਨੂੰ ਗਲੋਬਲ ਲੀਡਰਸ਼ਿਪ ਐਵਾਰਡ-2024 ਨਾਲ ਸਨਮਾਨਿਤ ਵੀ ਕੀਤਾ। ਕਰੈਵਿਸ ਦੀ ਅਗਵਾਈ ਹੇਠ ਕੇਕੇਆਰ ਕੰਪਨੀ ਭਾਰਤ ’ਚ ਸਭ ਤੋਂ ਵੱਡੇ ਨਿਵੇਸ਼ਕਾਂ ਵਿੱਚੋਂ ਇੱਕ ਬਣ ਕੇ ਉੱਭਰੀ ਹੈ ਅਤੇ ਪਿਛਲੇ ਦੋ ਦਹਾਕਿਆਂ ਦੌਰਾਨ ਉਸ ਵੱਲੋਂ ਵੱਖ-ਵੱਖ ਸੈਕਟਰਾਂ ’ਚ 11 ਅਰਬ ਡਾਲਰ ਦਾ ਨਿਵੇਸ਼ ਕੀਤਾ ਗਿਆ, ਜਿਸ ਨਾਲ ਨੌਕਰੀਆਂ ਦੇ ਹਜ਼ਾਰਾਂ ਮੌਕੇ ਪੈਦਾ ਹੋਏ ਅਤੇ ਭਾਰਤ ਦੇ ਅਰਥਚਾਰੇ ਦੇ ਵਾਧੇ ’ਚ ਯੋਗਦਾਨ ਮਿਲਿਆ।
ਉਨ੍ਹਾਂ ਆਖਿਆ, ‘‘ਭਾਰਤ ਲੰਮੇ ਸਮੇਂ ਤੋਂ ਕੰਪਨੀ ਲਈ ਇੱਕ ਮੁੱਖ ਬਾਜ਼ਾਰ ਰਿਹਾ ਹੈ ਕਿਉਂਕਿ ਦੇਸ਼ ਦਾ ਵਿਕਾਸ ਅਸਰਦਾਰ ਹੈ, ਆਬਾਦੀ ਗਤੀਸ਼ੀਲ ਹੈ ਅਤੇ ਨਵੇਂ ਵਿਚਾਰਾਂ ਵਾਲੇ ਉੱਦਮੀ ਅਤੇ ਕਾਰੋਬਾਰੀ ਭਾਈਚਾਰਾ ਮੌਜੂਦ ਹੈ।’’ ਇਸ ਮੌਕੇ ਯੂਐੱਸਆਈਐੱਸਪੀਐੱਫ ਦੇ ਚੇਅਰਮੈਨ ਜੌਹਨ ਚੈਂਬਰਜ਼ ਨੇ ਭਾਈਵਾਲੀ ਅਤੇ ਤਕਨੀਕ ਦੇ ਭਵਿੱਖ ਬਾਰੇ ਗੱਲ ਕੀਤੀ ਅਤੇ ਕਿਹਾ, ‘‘ਮਸਨੂਈ ਬੌਧਿਕਤਾ (ਏਆਈ) ਭਵਿੱਖ ਵਿੱਚ ਸਭ ਤੋਂ ਵੱਡੀ ਬੁਨਿਆਦੀ ਤਬਦੀਲੀ ਲਿਆਵੇਗੀ। ਏਆਈ ਹਰ ਕਾਰੋਬਾਰ ਤੇ ਹਰ ਦੇਸ਼ ’ਤੇ ਅਸਰਅੰਦਾਜ਼ ਹੋਵੇਗੀ। ਇਸ ਲਈ ਇਹ ਸਾਡੇ ਲਈ ਇਕੱਠੇ ਹੋਣ ਤੇ ਕੰਮ ਕਰਨ ਦਾ ਮੌਕਾ ਹੈ।’’ ਇਸ ਮੌਕੇ ਰਿਪਬਲਿਕਨ ਸੈਨੇਟਰ ਸਟੀਵ ਡੈਨੇਸ ਅਤੇ ਡੈਨ ਸੁਲੀਵਨ ਵੀ ਮੌਜੂਦ ਸਨ। ਸਵੀਟ ਡੈਨੇਸ ਨੇ ਕਿਹਾ, ‘‘ਅਸੀਂ ਟੈਕਸ ਘਟਾਉਣ ਲਈ ਭਾਰਤ ਸਰਕਾਰ ਨਾਲ ਕੰਮ ਕਰ ਰਹੇ ਹਾਂ। ਭਾਰਤ ਦਾਲਾਂ ਦਾ ਸਭ ਤੋਂ ਵੱਡਾ ਖਪਤਕਾਰ ਹੈ ਅਤੇ ਮੋਨਟਾਨਾ ਨੰਬਰ ਇੱਕ ਉਤਪਾਦਕ ਹੈ। ਇਸ ਕਰਕੇ ਇਹ ਇੱਕ ਕੁਦਰਤੀ ਸਬੰਧ ਹੈ।’’ ਸੁਲੀਵਨ ਨੇ ਕਿਹਾ, ‘‘ਭਾਰਤ ਦੀ ਕਹਾਣੀ ਦੁਨੀਆ ਦੇ ਸਾਹਮਣੇ ਨਹੀਂ ਆਈ। ਸਾਨੂੰ ਭਾਰਤ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਦੀ ਲੋੜ ਹੈ।’’ -ਏਪੀ