ਸੰਯੁਕਤ ਰਾਸ਼ਟਰ, 12 ਜਨਵਰੀ
ਸੰਯੁਕਤ ਰਾਸ਼ਟਰ ਦੇ ਇਕ ਵਿਸ਼ੇਸ਼ ਅਧਿਕਾਰੀ ਨੇ ਕਿਹਾ ਹੈ ਕਿ ‘ਸੁੱਲੀ ਡੀਲਸ’ ਜਿਹੀ ਸੋਸ਼ਲ ਮੀਡੀਆ ਐਪ ਜ਼ਰੀਏ ਭਾਰਤ ਵਿਚ ਮੁਸਲਿਮ ਮਹਿਲਾਵਾਂ ਨੂੰ ਤੰਗ-ਪ੍ਰੇਸ਼ਾਨ ਕੀਤੇ ਜਾਣ ਦੀ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਵਾਪਰਨ ’ਤੇ ਜਲਦੀ ਤੋਂ ਜਲਦੀ ਮੁਕੱਦਮਾ ਚਲਾਉਣਾ ਚਾਹੀਦਾ ਹੈ। ਘੱਟਗਿਣਤੀ ਮਾਮਲਿਆਂ ’ਤੇ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਅਧਿਕਾਰੀ ਡਾ. ਫਰਨਾਂਡ ਡੇ ਵਰਨੇਸ ਨੇ ਆਪਣੇ ਇਕ ਟਵੀਟ ਵਿਚ ਭਾਰਤ ਵਿਚ ਘੱਟਗਿਣਤੀਆਂ ਦੇ ਮੁੱਦੇ ਉਤੇ ਚਿੰਤਾ ਜਤਾਈ ਤੇ ਕਿਹਾ, ‘ਭਾਰਤ ਵਿਚ ਸੋਸ਼ਲ ਮੀਡੀਆ ਐਪ ਉਤੇ ਮੁਸਲਿਮ ਮਹਿਲਾਵਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ।’ ਵਰਨੇਸ ਨੇ ਮੰਗਲਵਾਰ ਇਕ ਟਵੀਟ ਵਿਚ ਕਿਹਾ, ‘ਭਾਰਤ ਵਿਚ ਘੱਟਗਿਣਤੀ ਮੁਸਲਿਮ ਮਹਿਲਾਵਾਂ ਦੀ ਨਫ਼ਰਤ ਨਾਲ ਭਰੀ ਸਮੱਗਰੀ ਦੇ ਰੂਪ ’ਚ ਸੁੱਲੀ ਡੀਲਸ ਜਿਹੇ ਸੋਸ਼ਲ ਮੀਡੀਆ ਐਪ ਉਤੇ ਨਿਲਾਮੀ ਕੀਤੀ ਜਾ ਰਹੀ ਹੈ।’ ਉਨ੍ਹਾਂ ਕਿਹਾ ਕਿ ਘੱਟਗਿਣਤੀਆਂ ਦੇ ਸਾਰੇ ਮਨੁੱਖੀ ਅਧਿਕਾਰ ਪੂਰੀ ਤਰ੍ਹਾਂ ਨਾਲ ਬਰਾਬਰੀ ਦੇ ਆਧਾਰ ਉਤੇ ਸੁਰੱਖਿਅਤ ਹੋਣੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਦਿੱਲੀ ਪੁਲੀਸ ਨੇ ਪਿਛਲੇ ਹਫ਼ਤੇ 26 ਸਾਲਾ ਓਮਕਾਰੇਸ਼ਵਰ ਠਾਕੁਰ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਗ੍ਰਿਫ਼ਤਾਰ ਕੀਤਾ ਸੀ। -ਪੀਟੀਆਈ